
ਗੁਆਂਢ 'ਚ ਰਹਿਣ ਵਾਲੇ ਲੋਕਾਂ ਨੂੰ ਜਦੋਂ ਕਮਰੇ 'ਚੋਂ ਬਦਬੂ ਆਉਣ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਸੱਦੀ ਪੁਲਿਸ
Ludhiana News : ਲੁਧਿਆਣਾ ਦੇ ਹਰਗੋਬਿੰਦ ਨਗਰ ਇਲਾਕੇ 'ਚ ਇੱਕ ਵੇਹੜੇ 'ਚ ਰਹਿਣ ਵਾਲੇ ਅੱਧਖੜ ਉਮਰ ਦੇ ਵਿਅਕਤੀ ਦੀ ਲਾਸ਼ ਉਸਦੇ ਕਮਰੇ 'ਚੋਂ ਸ਼ੱਕੀ ਹਾਲਾਤਾਂ 'ਚ ਮਿਲੀ ਹੈ। ਲਾਸ਼ ਦੀ ਹਾਲਤ ਬਹੁਤ ਬੁਰੀ ਸੀ। ਅਜਿਹਾ ਲੱਗ ਰਿਹਾ ਸੀ ਕਿ ਮ੍ਰਿਤਕ ਦੇ ਸਰੀਰ ਨੂੰ ਕਈ ਥਾਵਾਂ ਤੋਂ ਚੂਹਿਆਂ ਅਤੇ ਕੀੜਿਆਂ ਨੇ ਖਾ ਲਿਆ ਸੀ। ਲਾਸ਼ ਕਿੰਨੇ ਘੰਟੇ ਉੱਥੇ ਪਈ ਸੀ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।
ਦਰਅਸਲ 'ਚ ਗੁਆਂਢ 'ਚ ਰਹਿਣ ਵਾਲੇ ਲੋਕਾਂ ਨੂੰ ਜਦੋਂ ਕਮਰੇ 'ਚੋਂ ਬਦਬੂ ਆਉਣ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਇਲਾਕੇ 'ਚ ਰੌਲਾ ਪਾਇਆ। ਜਦੋਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਲੋਕ ਹੱਕੇ-ਬੱਕੇ ਰਹਿ ਗਏ। ਅੱਧਖੜ ਉਮਰ ਦਾ ਆਦਮੀ ਜ਼ਮੀਨ 'ਤੇ ਲੇਟਿਆ ਹੋਇਆ ਸੀ। ਮ੍ਰਿਤਕ ਦਾ ਨਾਮ ਪੱਪੂ ਹੈ।
ਪੁਲਿਸ ਨੂੰ ਕੀਤਾ ਸੂਚਿਤ
ਲੋਕਾਂ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ। ਮਾਮਲਾ ਸ਼ੱਕੀ ਹੋਣ ਕਾਰਨ ਫੋਰੈਂਸਿਕ ਟੀਮ ਨੂੰ ਘਟਨਾ ਵਾਲੀ ਥਾਂ 'ਤੇ ਬੁਲਾਇਆ ਗਿਆ। ਟੀਮ ਨੇ ਮੌਕੇ ਤੋਂ ਸੈਂਪਲ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸ਼ੂਗਰ ਦਾ ਮਰੀਜ਼ ਸੀ ਅਤੇ ਸ਼ਰਾਬ ਵੀ ਜ਼ਿਆਦਾ ਪੀਂਦਾ ਸੀ।
ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ
ਜਾਣਕਾਰੀ ਦਿੰਦਿਆਂ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪੱਪੂ ਮੂਲ ਰੂਪ ਵਿੱਚ ਯੂਪੀ ਦਾ ਰਹਿਣ ਵਾਲਾ ਹੈ। ਉਹ ਡਰਾਈਵਰ ਵਜੋਂ ਕੰਮ ਕਰਦਾ ਹੈ। ਉਸ ਦੀ ਮੌਤ ਕਿਵੇਂ ਹੋਈ, ਇਸ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ। ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ। ਲਾਸ਼ ਵਿੱਚੋਂ ਬਦਬੂ ਆ ਰਹੀ ਹੈ। ਫੋਰੈਂਸਿਕ ਮਾਹਿਰ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ।