
ਕੋਲਡ ਡਰਿੰਕ ਦੀ ਖਾਲੀ ਬੋਤਲ ਵਾਪਸ ਕੰਪਨੀਆਂ ਨੂੰ ਵੇਚ ਕੇ ਪੈਸੇ ਕਮਾਏ ਜਾ ਸਕਦੇ ਹਨ। ਪੈਪਸੀਕੋ, ਕੋਕਾ ਕੋਲਾ ਅਤੇ ਬਿਸਲੇਰੀ ਵਰਗੀਆਂ ਉਚ ਕੋਲਡ ਡਰਿੰਕ ਕੰਪਨੀਆਂ..........
ਨਵੀਂ ਦਿੱਲੀ : ਕੋਲਡ ਡਰਿੰਕ ਦੀ ਖਾਲੀ ਬੋਤਲ ਵਾਪਸ ਕੰਪਨੀਆਂ ਨੂੰ ਵੇਚ ਕੇ ਪੈਸੇ ਕਮਾਏ ਜਾ ਸਕਦੇ ਹਨ। ਪੈਪਸੀਕੋ, ਕੋਕਾ ਕੋਲਾ ਅਤੇ ਬਿਸਲੇਰੀ ਵਰਗੀਆਂ ਉਚ ਕੋਲਡ ਡਰਿੰਕ ਕੰਪਨੀਆਂ ਹੁਣ ਅਪਣੀਆਂ ਪਲਾਸਟਿਕ ਦੀਆਂ ਬੋਤਲਾਂ ਗਾਹਕਾਂ ਤੋਂ ਖਰੀਦਣਗੀਆਂ। ਜਾਣਕਾਰੀ ਮੁਤਾਬਕ ਕੰਪਨੀਆਂ ਨੇ ਅਪਣੀਆਂ ਪਲਾਸਟਿਕ ਦੀਆਂ ਬੋਤਲਾਂ 'ਤੇ ਖਰੀਦਣ ਦੀ ਕੀਮਤ ਵੀ ਲਿਖਣਾ ਸ਼ੁਰੂ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਸਰਕਾਰ ਨੇ ਸੂਬਿਆਂ 'ਚ ਪਲਾਸਟਿਕ 'ਤੇ ਰੋਕ ਲਗਾਈ ਹੋਈ ਹੈ। ਇਸ ਲਈ ਕੰਪਨੀਆਂ ਨੇ ਇਹ ਫ਼ੈਸਲਾ ਲਿਆ ਹੈ। ਸਰਕਾਰ ਨੇ ਕੰਪਨੀਆਂ ਨੂੰ ਬੋਤਲਾਂ ਦੀ ਬਾਏਬੈਕ ਵੈਲਿਊ ਤੈਅ ਕਰਨ ਸਬੰਧੀ ਅਪਣੇ ਵਲੋਂ ਛੋਟ ਦਿਤੀ ਹੈ
ਪਰ ਜ਼ਿਆਦਾਤਰ ਕੰਪਨੀਆਂ ਨੇ ਇਕ ਬੋਤਲ ਦੀ ਕੀਮਤ 15 ਰੁਪਏ ਤੈਅ ਕੀਤੀ ਹੈ। ਹਾਲਾਂ ਕਿ ਇੰਡਸਟਰੀ ਦੇ ਹੀ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਏਬੈਕ ਸਿਸਟਮ ਫੁਲਪਰੂਫ਼ ਨਹੀਂ ਹੈ ਅਤੇ ਇਸ ਨਾਲ ਹੋਰ ਜਟਿਲਤਾਵਾਂ ਪੈਦਾ ਹੋ ਸਕਦੀਆਂ ਹਨ। ਬਿਸਲੇਰੀ ਦੇ ਚੇਅਰਮੈਨ ਰਮੇਸ਼ ਚੌਹਾਨ ਨੇ ਦਸਿਆ ਕਿ ਪਲਾਸਟਿਕ ਨੂੰ ਰੀਸਾਈਕਲ ਕਰਨ ਦੀ ਵਿਵਸਥਾ ਪਹਿਲਾਂ ਤੋਂ ਹੀ ਹੈ। ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਨੂੰ ਜ਼ਿਆਦਾ ਪ੍ਰਭਾਵੀ ਅਤੇ ਸਬੰਧਤ ਪੱਖਾਂ ਲਈ ਲਾਭਦਾਇਕ ਬਣਾਇਆ ਜਾ ਸਕੇ। ਪੈਪਸੀ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਨੇ ਹੁਣ ਅਪਣੀਆਂ ਪਲਾਸਟਿਕ ਦੀਆਂ ਬੋਤਲਾਂ ਦੀ ਰੀਸਾਈਕਲ ਵੈਲਿਊ 15 ਰੁਪਏ ਤੈਅ ਕੀਤੀ ਹੈ। ਮਹਾਂਰਾਸ਼ਟਰ 'ਚ ਵਿਕਣ ਵਾਲੀਆਂ ਬੋਤਲਾਂ 'ਤੇ ਇਹ ਬਾਈਬੈਕ ਵੈਲਿਊ ਲਿਖੀ ਜਾ ਰਹੀ ਹੈ। (ਏਜੰਸੀ)