
ਕੋਰੋਨਾ ਕਾਲ ਵਿਚ ਦਿੱਲੀ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ।
ਨਵੀਂ ਦਿੱਲੀ: ਕੋਰੋਨਾ ਕਾਲ ਵਿਚ ਦਿੱਲੀ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੈਬਿਨਟ ਬੈਠਕ ਵਿਚ ‘ਮੁੱਖ ਮੰਤਰੀ ਘਰ-ਘਰ ਰਾਸ਼ਣ ਯੋਜਨਾ’ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਯੋਜਨਾ ਦੇ ਲਾਗੂ ਹੋਣ ‘ਤੇ ਦਿੱਲੀ ਵਾਸੀਆਂ ਦੇ ਘਰ-ਘਰ ਰਾਸ਼ਣ ਪਹੁੰਚਾਇਆ ਜਾਵੇਗਾ। ਯਾਨੀ ਹੁਣ ਲੋਕਾਂ ਨੂੰ ਰਾਸ਼ਣ ਦੀਆਂ ਦੁਕਾਨਾਂ ‘ਤੇ ਜਾਣ ਦੀ ਲੋੜ ਨਹੀਂ ਪਵੇਗੀ।
Ration
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜ਼ੀਟਲ ਪ੍ਰੈਸ ਕਾਨਫਰੰਸ ਵਿਚ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਪੂਰੇ ਦੇਸ਼ ਵਿਚ ਹਰ ਸਰਕਾਰ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਅਪਣੇ ਸੂਬੇ ਦੇ ਗਰੀਬ ਲੋਕਾਂ ਨੂੰ ਰਾਸ਼ਣ ਵੰਡ ਰਹੀ ਹੈ। ਜਦ ਤੋਂ ਦੇਸ਼ ਵਿਚ ਰਾਸ਼ਣ ਵੰਡਣਾ ਸ਼ੁਰੂ ਹੋਇਆ ਉਦੋਂ ਤੋਂ ਗਰੀਬ ਲੋਕਾਂ ਨੂੰ ਰਾਸ਼ਣ ਲੈਣ ਵਿਚ ਕਾਫੀ ਮੁਸ਼ਕਲਾਂ ਆ ਰਹੀਆਂ ਹਨ।
Arvind Kejriwal
ਕਈ ਵਾਰ ਦੁਕਾਨਾਂ ਬੰਦ ਮਿਲਦੀਆਂ ਹਨ ਤਾਂ ਕਈ ਵਾਰ ਮਿਲਾਵਟ ਮਿਲਦੀ ਹੈ ਤਾਂ ਕਈ ਥਾਈਂ ਪੈਸੇ ਜ਼ਿਆਦਾ ਲਏ ਜਾ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਉਹਨਾਂ ਨੇ ਰਾਸ਼ਣ ਦੀ ਵਿਵਸਥਾ ਵਿਚ ਬਹੁਤ ਸੁਧਾਰ ਕੀਤੇ ਹਨ। ਅੱਜ ਦਿੱਲੀ ਕੈਬਿਨਟ ਵਿਚ ਜੋ ਫੈਸਲੇ ਲਏ ਗਏ ਹਨ ਉਹ ਕਿਸੇ ਕ੍ਰਾਂਤੀਕਾਰੀ ਫੈਸਲੇ ਤੋਂ ਘੱਟ ਨਹੀਂ ਹੈ। ਅੱਜ ਉਹਨਾਂ ਨੇ ਦਿੱਲੀ ਵਿਚ ਡੋਰ ਸਟੈੱਪ ਡਿਲੀਵਰੀ ਆਫ ਰਾਸ਼ਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
Ration
ਇਸ ਯੋਜਨਾ ਦਾ ਨਾਮ ‘ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ’ ਹੋਵੇਗਾ। ਇਸ ਯੋਜਨਾ ਤਹਿਤ ਐਫਸੀਆਈ ਦੇ ਗੋਦਾਮ ਤੋਂ ਕਣਕ ਚੁੱਕੀ ਜਾਵੇਗੀ, ਆਟਾ ਪਿਸਵਾਇਆ ਜਾਵੇਗਾ, ਚਾਵਲ ਅਤੇ ਚੀਨੀ ਆਦਿ ਦੀ ਵੀ ਪੈਕਿੰਗ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਘਰ-ਘਰ ਤੱਕ ਰਾਸ਼ਣ ਪਹੁੰਚਾਇਆ ਜਾਵੇਗਾ। ਸੀਐਮ ਕੇਜਰੀਵਾਲ ਨੇ ਦੱਸਿਆ ਕਿ ਲੋਕਾਂ ਨੂੰ ਇਹ ਵਿਕਲਪ ਦਿੱਤਾ ਜਾਵੇਗਾ ਕਿ ਜੋ ਦੁਕਾਨ ‘ਤੇ ਜਾ ਕੇ ਰਾਸ਼ਣ ਲੈਣਾ ਚਾਹੇਗਾ, ਉਹ ਦੁਕਾਨ ‘ਤੇ ਜਾ ਸਕਦਾ ਹੈ ਅਤੇ ਜੋ ਹੋਮ ਡਿਲੀਵਰੀ ਚਾਹੁੰਦੇ ਹਨ ਤਾਂ ਉਹ ਉਸ ਦਾ ਵਿਕਪਲ ਚੁਣ ਸਕਦੇ ਹਨ।
Arvind Kejriwal
ਉਹਨਾਂ ਦੱਸਿਆ ਕਿ ਅਗਲੇ 6 ਤੋਂ 7 ਮਹੀਨਿਆਂ ਵਿਚ ਹੋਮ ਡਿਲੀਵਰੀ ਰਾਸ਼ਣ ਸ਼ੁਰੂ ਹੋ ਜਾਵੇਗਾ। ਕੇਜਰੀਵਾਲ ਨੇ ਦੱਸਿਆ ਕਿ ਹੋਮ ਡਿਲੀਵਰੀ ਵਿਚ ਕਣਕ ਦੀ ਬਜਾਏ ਆਟਾ ਦਿੱਤਾ ਜਾਵੇਗਾ। ਸੀਐਮ ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਜਿਸ ਦਿਨ ਦਿੱਲੀ ਵਿਚ ਰਾਸ਼ਣ ਦੀ ਹੋਮ ਡਿਲੀਵਰੀ ਸ਼ੁਰੂ ਹੋਵੇਗੀ, ਉਸੇ ਦਿਨ ਕੇਂਦਰ ਸਰਕਾਰ ਦੀ ਵਨ ਨੇਸ਼ਨ ਵਨ ਕਾਰਡ ਦੀ ਯੋਜਨਾ ਵੀ ਲਾਗੂ ਕਰ ਦਿੱਤੀ ਜਾਵੇਗੀ।