
ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਬਾਲੀਵੁੱਡ ਸਿਤਾਰੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਮਨੀਪੁਰ - ਮਨੀਪੁਰ ਵਿਚ ਦੋ ਔਰਤਾਂ ਨਾਲ ਹੋਈ ਬੇਰਹਿਮੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿਸ ਨਾਲ ਬਾਲੀਵੁੱਡ 'ਚ ਵੀ ਹਲਚਲ ਮਚ ਗਈ ਹੈ। ਇਕ ਭੀੜ ਵੱਲੋਂ 2 ਔਰਤਾਂ ਤੋਂ ਨਗਨ ਅਵਸਥਾ ਵਿਚ ਕਰਵਾਈ ਪਰੇਡ ਦੀ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਲੋਕਾਂ ਵਿਚ ਰੋਸ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ।
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਤੋਂ ਲੈ ਕੇ 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਮਾਮਲੇ ਨੂੰ ਸ਼ਰਮਨਾਕ ਕਰਾਰ ਦਿੱਤਾ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਬਾਲੀਵੁੱਡ ਸਿਤਾਰੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਕਿਆਰਾ ਅਡਵਾਨੀ ਦੀ ਪ੍ਰਤੀਕਿਰਿਆ
''ਮਣੀਪੁਰ 'ਚ ਔਰਤਾਂ ਵਿਰੁੱਧ ਹਿੰਸਾ ਦਾ ਵੀਡੀਓ ਡਰਾਉਣਾ ਹੈ ਅਤੇ ਇਸ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਹੈ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਔਰਤਾਂ ਨੂੰ ਜਲਦੀ ਤੋਂ ਜਲਦੀ ਨਿਆਂ ਮਿਲੇ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ, ਜਿਸ ਦੇ ਉਹ ਹੱਕਦਾਰ ਹਨ।''
ਰਿਚਾ ਚੱਢਾ ਦਾ ਪ੍ਰਤੀਕਰਮ
ਟਵਿੱਟਰ 'ਤੇ ਕਾਫੀ ਐਕਟਿਵ ਰਹਿਣ ਵਾਲੀ ਅਦਾਕਾਰਾ ਰਿਚਾ ਚੱਢਾ ਨੇ ਵੀ ਇਸ ਘਟਨਾ ਨੂੰ ਸ਼ਰਮਨਾਕ ਕਰਾਰ ਦਿੱਤਾ ਅਤੇ ਲਿਖਿਆ, 'ਸ਼ਰਮਨਾਕ! ਭਿਆਨਕ! ਕਾਨੂੰਨ ਦੇ ਵਿਰੁੱਧ!'
ਸੋਨੂੰ ਸੂਦ ਦਾ ਪ੍ਰਤੀਕਰਮ
ਹਰ ਕਿਸੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਵੀ ਮਨੀਪੁਰ ਦੀ ਇਸ ਭਿਆਨਕ ਘਟਨਾ 'ਤੇ ਟਵਿੱਟਰ 'ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਅਦਾਕਾਰ ਨੇ ਲਿਖਿਆ, 'ਮਣੀਪੁਰ ਦੀ ਵੀਡੀਓ ਨੇ ਸਾਰਿਆਂ ਦਾ ਦਿਲ ਹਿਲਾ ਦਿੱਤਾ ਹੈ। ਇਹ ਮਨੁੱਖਤਾ ਦੀ ਪਰੇਡ ਸੀ..ਔਰਤਾਂ ਦੀ ਨਹੀਂ। ਸੋਨੂੰ ਸੂਦ ਟਵਿੱਟਰ 'ਤੇ ਕਾਫੀ ਐਕਟਿਵ ਰਹਿੰਦੇ ਹਨ।
ਕਨਿਕਾ ਢਿੱਲੋਂ ਦਾ ਰਿਐਕਸ਼ਨ
ਕਨਿਕਾ ਢਿੱਲੋਂ ਨੇ ਵੀ ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, 'ਮਨੀਪੁਰ! ਇਹ ਔਰਤਾਂ ਵਿਰੁੱਧ ਘਿਨਾਉਣੀ ਕਾਰਵਾਈ ਹੈ। ਉਮੀਦ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।
ਮਣੀਪੁਰ ਜਿਨਸੀ ਹਿੰਸਾ 'ਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਬਿਆਨ
"ਇਸ ਘਿਨੌਣੇ ਅਪਰਾਧ ਦੇ 77 ਦਿਨਾਂ ਬਾਅਦ ਇਕ ਵੀਡੀਉ ਵਾਇਰਲ ਹੋਈ ਤਾਂ ਕਾਰਵਾਈ ਕੀਤੀ ਗਈ। ਚਾਹੇ ਕੋਈ ਵੀ ਤਰਕ ਹੋਵੇ ਜਾਂ ਕਾਰਨ...ਫ਼ਰਕ ਨਹੀਂ ਪੈਂਦਾ। ਅਸੀਂ ਔਰਤਾਂ ਨੂੰ ਕਿਸੇ ਖੇਡ ਦਾ ਮੋਹਰਾ ਨਹੀਂ ਬਣਨ ਦੇ ਸਕਦੇ। ਸਾਡੀ ਸਮੂਹਿਕ ਸ਼ਰਮਿੰਦਗੀ ਅਤੇ ਗੁੱਸੇ ਨੂੰ ਇਕੋਂ ਸ਼ਬਦ ਵਿਅਕਤ ਕਰਦਾ ਹੈ- ਫੌਰੀ ਨਿਆਂ”
ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ 'ਤੇ ਬਾਲੀਵੁੱਡ ਖਿਡਾਰੀ ਕੁਮਾਰ ਯਾਨੀ ਅਕਸ਼ੈ ਕੁਮਾਰ ਪਹਿਲਾਂ ਹੀ ਟਵਿਟਰ 'ਤੇ ਆਪਣੀ ਪ੍ਰਤੀਕਿਰਿਆ ਸ਼ੇਅਰ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, 'ਮਣੀਪੁਰ 'ਚ ਔਰਤਾਂ 'ਤੇ ਹਿੰਸਾ ਦਾ ਵੀਡੀਓ ਦੇਖ ਕੇ ਹੈਰਾਨ, ਨਿਰਾਸ਼ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦੋਸ਼ੀਆਂ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਜਾਵੇਗੀ ਕਿ ਕੋਈ ਮੁੜ ਅਜਿਹੀ ਘਿਨਾਉਣੀ ਹਰਕਤ ਕਰਨ ਬਾਰੇ ਨਾ ਸੋਚੇ।