
ਰਾਏਗੜ੍ਹ ਜ਼ਿਲ੍ਹੇ ਦੇ ਕਬਾਇਲੀ ਪਿੰਡ ’ਚ 114 ਜਣੇ ਅਜੇ ਵੀ ਲਾਪਤਾ
ਮੁੰਬਈ: ਕੌਮੀ ਬਿਪਤਾ ਰੋਕੂ ਫੋਰਸ (ਐੱਨ.ਡੀ.ਆਰ.ਐੱਫ.) ਦੀਆਂ ਬਚਾਅ ਟੀਮਾਂ ਨੇ ਸ਼ੁਕਰਵਾਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੇ ਇਰਸ਼ਾਲਵਾੜੀ ਪਿੰਡ ’ਚ ਜ਼ਮੀਨ ਖਿਸਕਣ ਕਾਰਨ ਮਲਬੇ ’ਚੋਂ ਪੰਜ ਹੋਰ ਲਾਸ਼ਾਂ ਬਰਾਮਦ ਕੀਤੀਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਸਵੇਰ ਤੋਂ ਪੰਜ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਤਿੰਨ ਪੁਰਸ਼ ਅਤੇ ਦੋ ਔਰਤਾਂ ਹਨ।
ਅਧਿਕਾਰੀ ਨੇ ਦਸਿਆ ਕਿ 21 ਮਰਨ ਵਾਲਿਆਂ ’ਚ ਚਾਰ ਬੱਚੇ ਸ਼ਾਮਲ ਹਨ, ਜਿਨ੍ਹਾਂ ਦੀ ਉਮਰ ਛੇ ਮਹੀਨੇ ਤੋਂ ਚਾਰ ਸਾਲ ਦਰਮਿਆਨ ਹੈ ਅਤੇ ਦੋ ਭੈਣ-ਭਰਾ ਹਨ।
ਅਧਿਕਾਰੀ ਨੇ ਦਸਿਆ ਕਿ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੇ ਬੀਤੀ ਰਾਤ ਕਾਰਵਾਈ ਨੂੰ ਰੋਕ ਦਿਤਾ ਸੀ ਅਤੇ ਅੱਜ ਸਵੇਰੇ 6.30 ਵਜੇ ਉਨ੍ਹਾਂ ਨੇ ਮੀਂਹ ਦੇ ਵਿਚਕਾਰ ਪਹਾੜੀ ਖੇਤਰ ’ਚ ਸਥਿਤ ਜ਼ਮੀਨ ਖਿਸਕਣ ਵਾਲੀ ਥਾਂ ’ਤੇ ਖੋਜ ਅਤੇ ਬਚਾਅ ਕਾਰਜ ਮੁੜ ਸ਼ੁਰੂ ਕੀਤਾ।
ਸਥਾਨਕ ਪਿੰਡ ਵਾਸੀ ਅਤੇ ਮਲਬੇ ਅੰਦਰ ਫਸੇ ਲੋਕਾਂ ਦੇ ਰਿਸ਼ਤੇਦਾਰ ਬਚਾਅ ਟੀਮਾਂ ਦੀ ਮਦਦ ਕਰ ਰਹੇ ਹਨ।
ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਰਾਏਗੜ੍ਹ ਦੇ ਤੱਟਵਰਤੀ ਜ਼ਿਲ੍ਹੇ ਦੇ ਪਹਾੜੀ ਖੇਤਰ ’ਚ ਸਥਿਤ ਇਕ ਕਬਾਇਲੀ ਪਿੰਡ ਇਰਸ਼ਾਲਵਾੜੀ ’ਚ ਬੁਧਵਾਰ ਰਾਤ ਨੂੰ ਭਾਰੀ ਢਿੱਗਾਂ ਡਿੱਗ ਪਈਆਂ। ਵੀਰਵਾਰ ਤਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਦਸਿਆ ਕਿ ਪਿੰਡ ਦੇ ਕੁਲ 228 ਵਸਨੀਕਾਂ ’ਚੋਂ 21 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ 93 ਵਸਨੀਕਾਂ ਦਾ ਪਤਾ ਲਾਇਆ ਜਾ ਚੁੱਕਾ ਹੈ। ਹਾਲਾਂਕਿ, ਕੁਲ 114 ਪਿੰਡ ਵਾਸੀਆਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।
ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ’ਚ ਉਹ ਵੀ ਸ਼ਾਮਲ ਹਨ ਜੋ ਪਿੰਡ ਤੋਂ ਬਾਹਰ ਕਿਸੇ ਵਿਆਹ ਸਮਾਗਮ ’ਚ ਜਾਂ ਝੋਨਾ ਬੀਜਣ ਦੇ ਕੰਮ ਲਈ ਗਏ ਹੋਏ ਸਨ।
ਉਸ ਨੇ ਕਿਹਾ ਕਿ ਦੂਰ-ਦੁਰਾਡੇ ਦੇ ਪਿੰਡ ’ਚ ਧਾਤ ਵਾਲੀ ਸੜਕ ਨਹੀਂ ਹੈ, ਇਸ ਲਈ ਮਿੱਟੀ ਦੇ ਕੰਮ ਅਤੇ ਖੋਦਣ ਵਾਲਿਆਂ ਨੂੰ ਆਸਾਨੀ ਨਾਲ ਲਿਜਾਇਆ ਨਹੀਂ ਜਾ ਸਕਦਾ ਹੈ।
ਐਨ.ਡੀ.ਆਰ.ਐਫ਼. ਦੇ ਜਵਾਨਾਂ ਨੂੰ ਖਰਾਬ ਮੌਸਮ ਕਾਰਨ ਵੀਰਵਾਰ ਸ਼ਾਮ ਢਿੱਗਾਂ ਡਿੱਗਣ ਵਾਲੀ ਥਾਂ ’ਤੇ ਖੋਜ ਅਤੇ ਬਚਾਅ ਕਾਰਜ ਨੂੰ ਰੋਕਣਾ ਪਿਆ।