
ਵੈਕਸੀਨ ਦੀ ਅਜੇ ਤਕ ਮਨੁੱਖੀ ਪਰਖ ਨਹੀਂ ਹੋਈ ਹੈ ਕਿਉਂਕਿ ਇਹ ਅਜੇ ਵੀ ਪ੍ਰਯੋਗਸ਼ਾਲਾ ’ਚ ਜਾਂਚ ਦੇ ਪੜਾਅ ਹੇਠ ਹੈ
ਨਵੀਂ ਦਿੱਲੀ : ‘ਐਡਫਾਲਸੀਵੈਕਸ’ ਨਾਮ ਦੇ ਘਰੇਲੂ ਟੀਕੇ ਦੇ ਵਿਕਾਸ ਨਾਲ, ਭਾਰਤ ਮਲੇਰੀਆ ਨੂੰ ਰੋਕਣ ਵਿਰੁਧ ਮਹੱਤਵਪੂਰਣ ਤਰੱਕੀ ਕਰ ਰਿਹਾ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ (ਆਈ.ਸੀ.ਐਮ.ਆਰ.) ਅਪਣੇ ਸੰਸਥਾਨਾਂ ਆਰ.ਐਮ.ਆਰ.ਸੀ. ਭੁਵਨੇਸ਼ਵਰ ਅਤੇ ਐਨ.ਆਈ.ਐਮ.ਆਰ. ਦਿੱਲੀ ਦੀ ਭਾਈਵਾਲੀ ਨਾਲ ਬਾਇਓਟੈਕਨਾਲੋਜੀ ਵਿਭਾਗ ਦੇ ਨੈਸ਼ਨਲ ਇੰਸਟੀਚਿਊਟ ਆਫ ਇਮਿਊਨੋਲੋਜੀ (ਡੀਬੀਟੀ-ਐਨ.ਆਈ.ਆਈ.) ਦੀ ਸਹਾਇਤਾ ਨਾਲ ਇਸ ਨਵੀਨਤਾਕਾਰੀ ਕੋਸ਼ਿਸ਼ ਦੀ ਅਗਵਾਈ ਕਰ ਰਹੀ ਹੈ।
ਐਡਫਾਲਸੀਵੈਕਸ ਦੀ ਵਿਸ਼ੇਸ਼ ਤੌਰ ਉਤੇ ਪਲਾਜ਼ਮੋਡੀਅਮ ਫਾਲਸੀਪੇਰਮ ਦੇ ਦੋ ਪੜਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਗਤਾ ਇਸ ਨੂੰ ਹੋਰਨਾਂ ਵੈਕਸੀਨਾਂ ਤੋਂ ਵੱਖ ਕਰਦੀ ਹੈ। ਇਹ ਦੋਵੇਂ ਪਰਜੀਵੀ ਹੀ ਹਨ ਜੋ ਮਲੇਰੀਆ ਦੇ ਸੱਭ ਤੋਂ ਘਾਤਕ ਰੂਪ ਦਾ ਕਾਰਨ ਬਣਦੇ ਹਨ। ਮੌਜੂਦਾ ਟੀਕਿਆਂ ਦੇ ਉਲਟ ਜੋ ਸਿਰਫ ਇਕ ਪੜਾਅ ਨੂੰ ਨਿਸ਼ਾਨਾ ਬਣਾਉਂਦੇ ਹਨ, ਇਹ ਮਨੁੱਖਾਂ ਵਿਚ ਲਾਗ ਨੂੰ ਰੋਕਣ ਅਤੇ ਮੱਛਰਾਂ ਨੂੰ ਇਸ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੋ-ਪੱਖੀ ਰਣਨੀਤੀ ਦੇ ਨਤੀਜੇ ਵਜੋਂ ਪ੍ਰਕੋਪ ਨਿਯੰਤਰਣ ਵਿਚ ਸੁਧਾਰ ਹੋ ਸਕਦਾ ਹੈ ਅਤੇ ਲੋਕਾਂ ਲਈ ਵਧੇਰੇ ਮਜ਼ਬੂਤ, ਲੰਮੇ ਸਮੇਂ ਤਕ ਚੱਲਣ ਵਾਲੀ ਸੁਰੱਖਿਆ ਹੋ ਸਕਦੀ ਹੈ।
ਹੁਣ ਤਕ , ਸ਼ੁਰੂਆਤੀ ਲੈਬ ਟੈਸਟਾਂ ਨੇ ਉਮੀਦ ਭਰੇ ਨਤੀਜੇ ਵਿਖਾਏ ਹਨ। ਵਿਗਿਆਨੀਆਂ ਨੂੰ ਉਮੀਦ ਹੈ ਕਿ ਐਡਫਾਲਸੀਵੈਕਸ ਵਿਆਪਕ ਸੁਰੱਖਿਆ ਦੀ ਪੇਸ਼ਕਸ਼ ਕਰ ਕੇ, ਪਰਜੀਵੀ ਦੇ ਰੋਗ ਪ੍ਰਤੀਰੋਧਕ ਸਿਸਟਮ ਤੋਂ ਬਚਣ ਦੀਆਂ ਸੰਭਾਵਨਾਵਾਂ ਨੂੰ ਘਟਾ ਕੇ ਅਤੇ ਲੰਬੀ ਪ੍ਰਤੀਰੋਧਤਾ ਦਾ ਨਿਰਮਾਣ ਕਰ ਕੇ ਆਰ.ਟੀ.ਐਸ., ਐਸ/ਏ.ਐਸ. 01 ਅਤੇ ਆਰ21/ਮੈਟ੍ਰਿਕਸ-ਐਮ ਵਰਗੇ ਮੌਜੂਦਾ ਵਿਕਲਪਾਂ ਨੂੰ ਪਛਾੜ ਸਕਦਾ ਹੈ। ਇਕ ਹੋਰ ਵੱਡਾ ਲਾਭ ਇਹ ਹੈ ਕਿ ਵੈਕਸੀਨ ਨੂੰ ਕਮਰੇ ਦੇ ਤਾਪਮਾਨ ਉਤੇ ਨੌਂ ਮਹੀਨਿਆਂ ਤੋਂ ਵੱਧ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ।
ਵੈਕਸੀਨ ਦੀ ਅਜੇ ਤਕ ਮਨੁੱਖੀ ਪਰਖ ਨਹੀਂ ਹੋਈ ਹੈ ਕਿਉਂਕਿ ਇਹ ਅਜੇ ਵੀ ਪ੍ਰਯੋਗਸ਼ਾਲਾ ’ਚ ਜਾਂਚ ਦੇ ਪੜਾਅ ਹੇਠ ਹੈ। ਵਿਆਪਕ ਟੈਸਟਿੰਗ, ਸੁਰੱਖਿਆ ਜਾਂਚਾਂ ਅਤੇ ਸਰਕਾਰੀ ਮਨਜ਼ੂਰੀਆਂ ਤੋਂ ਬਾਅਦ, ਇਹ ਲਗਭਗ ਸੱਤ ਸਾਲਾਂ ਵਿਚ ਵਰਤੋਂ ਲਈ ਤਿਆਰ ਹੋ ਸਕਦੀ ਹੈ, ਜੇ ਸੱਭ ਕੁੱਝ ਯੋਜਨਾ ਅਨੁਸਾਰ ਹੁੰਦਾ ਹੈ। (ਏਜੰਸੀ)