ਰਾਜ ਭਵਨ ਵਲੋਂ ਨੋਟੀਫ਼ੀਕੇਸ਼ਨ ਜਾਰੀ ਨਾ ਕੀਤੇ ਜਾਣ ਕਾਰਨ ਬਣੀ ਭਰਮ ਦੀ ਸਥਿਤੀ
2 ਸਤੰਬਰ ਤੋਂ ਪਹਿਲਾਂ ਵਿਧਾਨ ਸਭਾ ਸੈਸ਼ਨ ਸਦਿਆ ਜਾਣਾ ਸੰਵਿਧਾਨਕ ਮਜਬੂਰੀ
ਇੰਫ਼ਾਲ: ਮਨੀਪੁਰ ’ਚ ਕੈਬਨਿਟ ਵਲੋਂ ਰਾਜਪਾਲ ਅਨੁਸੂਈਆ ਉਈਕੇ ਨੂੰ 21 ਅਗੱਸਤ ਤੋਂ ਵਿਧਾਨ ਸਭਾ ਇਜਲਾਸ ਸੱਦਣ ਦੀ ਸਿਫ਼ਾਰਸ਼ ਕਰਨ ਦੇ ਬਾਵਜੂਦ ਸੋਮਵਾਰ ਨੂੰ ਸਦਨ ਦੀ ਬੈਠਕ ਨਹੀਂ ਹੋਈ, ਕਿਉਂਕਿ ਰਾਜ ਭਵਨ ਵਲੋਂ ਇਸ ਬਾਬਤ ਅਜੇ ਤਕ ‘ਕੋਈ ਨੋਟੀਫ਼ੀਕੇਸ਼ਨ’ ਜਾਰੀ ਨਹੀਂ ਕੀਤੇ ਜਾਣ ਕਾਰਨ ਭਰਮ ਦੀ ਸਥਿਤੀ ਬਣੀ ਹੋਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ, ਜਦੋਂ ਪੂਰਬ-ਉੱਤਰ ਸੂਬੇ ’ਚ ਜਾਰੀ ਹਿੰਸਾ ਵਿਚਕਾਰ ਵੱਖੋ-ਵੱਖ ਪਾਰਟੀਆਂ ਨਾਲ ਜੁੜੇ ਕੁਕੀ ਭਾਈਚਾਰੇ ਦੇ 10 ਵਿਧਾਇਕਾਂ ਨੇ ਵਿਧਾਨ ਸਭਾ ਸੈਸ਼ਨ ’ਚ ਸ਼ਾਮਲ ਹੋਣ ’ਚ ਅਸਮਰਥਾ ਪ੍ਰਗਟਾਈ ਹੈ।
ਇਕ ਅਧਿਕਾਰੀ ਨੇ ਕਿਹਾ, ‘‘ਆਮ ਵਿਧਾਨ ਸਭਾ ਸੈਸ਼ਨ ਲਈ ਸੈਸ਼ਨ ਦੀ ਸ਼ੁਰੂਆਤ ਤੋਂ 15 ਦਿਨ ਪਹਿਲਾਂ ਨੋਟੀਫ਼ੀਕੇਸ਼ਨ ਜਾਰੀ ਕੀਤੇ ਜਾਣ ਦੀ ਜ਼ਰੂਰਤ ਪੈਂਦੀ ਹੈ। ਰਾਜਪਾਲ ਦੇ ਦਫ਼ਤਰ ਵਲੋਂ ਫਿਲਹਾਲ ਕੋਈ ਅਜਿਹਾ ਨੋਟੀਫ਼ੀਕੇਸ਼ਨ ਜਾਰੀ ਨਹੀਂ ਕੀਤਾ ਗਿਆ।’’
ਸੂਬਾ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਹੋਈ ਕੈਬਨਿਟ ਦੀ ਬੈਠਕ ਤੋਂ ਬਾਦਅ ਰਾਜਪਾਲ ਨੂੰ ਵਿਧਾਨ ਸਭਾ ਸੈਸ਼ਨ ਸੱਦਣ ਦੀ ਸਿਫ਼ਾਰਸ਼ ਕੀਤੀ ਸੀ।
ਚਾਰ ਅਗੱਸਤ ਨੂੰ ਜਾਰੀ ਇਕ ਬਿਆਨ ’ਚ ਕਿਹਾ ਗਿਆ ਸੀ, ‘‘ਸੂਬਾ ਕੈਬਨਿਟ ਨੇ ਮਨੀਪੁਰ ਦੀ ਮਾਣਯੋਗ ਰਾਜਪਾਲ ਤੋਂ 21 ਅਗੱਸਤ, 2023 ਤੋਂ ਮਨੀਪੁਰ ਦੀ 12ਵੀਂ ਵਿਧਾਨ ਸਭਾ ਦਾ ਚੌਥਾ ਸੈਸ਼ਨ ਸੱਦਦ ਦੀ ਸਿਫ਼ਾਰਸ਼ ਕੀਤੀ ਹੈ।’’
ਮਨੀਪੁਰ ’ਚ ਪਿਛਲਾ ਸੈਸ਼ਨ ਮਾਰਚ ’ਚ ਕੀਤਾ ਗਿਆ ਸੀ, ਜਦਕਿ ਸੂਬੇ ’ਚ ਮਈ ਦੀ ਸ਼ੁਰੂਆਤ ’ਚ ਜਾਤ ਅਧਾਰਤ ਹਿੰਸਾ ਭੜਕੀ ਸੀ। ਇਕ ਹੋਰ ਅਧਿਕਾਰੀ ਨੇ ਕਿਹਾ, ‘‘ਪਿਛਲਾ ਵਿਧਾਨ ਸਭਾ ਸੈਸ਼ਨ ਮਾਰਚ ’ਚ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤਾ ਗਿਆ ਸੀ। ਇਹ ਸੰਵਿਧਾਨਕ ਮਜਬੂਰੀ ਹੈ ਕਿ ਅਗਲਾ ਸੈਸ਼ਨ ਦੋ ਸਤੰਬਰ ਤੋਂ ਪਹਿਲਾਂ ਕਰਵਾਇਆ ਜਾਵੇ।’’
ਵਿਧਾਨ ਸਭਾ ਸੈਸ਼ਨ ਦਾ ਨਾ ਸਦਿਆ ਜਾਣਾ ਸੰਵਿਧਾਨਕ ਤੰਤਰ ਦੇ ਢਹਿ ਜਾਣ ਦਾ ਸਬੂਤ : ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਮਨੀਪੁਰ ਦੀ ਸਰਕਾਰ ਵਲੋਂ ਰਾਜਪਾਲ ਅਨੁਸੂਈਆ ਉਈਕੇ ਨੂੰ ਅਪੀਲ ਕੀਤੇ ਜਾਣ ਦੇ ਬਾਵਜੂਦ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਨਹੀਂ ਸਦਿਆ ਗਿਆ, ਜੋ ਇਸ ਗੱਲ ਦਾ ਸਬੂਤ ਹੈ ਕਿ ਸੂਬੇ ’ਚ ਸੰਵਿਧਾਨਕ ਤੰਤਰ ਢਹਿ ਗਿਆ ਹੈ।
ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ, ‘‘27 ਜੁਲਾਈ ਨੂੰ ਮਨੀਪੁਰ ਦੀ ਸਰਕਾਰ ਨੇ ਸੂਬੇ ਦੇ ਰਾਜਪਾਲ ਨੂੰ ਅਗੱਸਤ ਦੇ ਤੀਜੇ ਹਫ਼ਤੇ ’ਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦੇ ਜਾਣ ਦੀ ਅਪੀਲ ਕੀਤੀ ਸੀ। ਚਾਰ ਅਗੱਸਤ ਨੂੰ ਰਾਜਪਾਲ ਨੂੰ ਇਕ ਵਾਰੀ ਫਿਰ ਵਿਸ਼ੇਸ਼ ਸੈਸ਼ਨ ਸੱਦਣ ਦੀ ਅਪੀਲ ਕੀਤੀ ਗਈ ਹੈ, ਪਰ ਇਸ ਵਾਰੀ ਇਕ ਨਿਸ਼ਚਿਤ ਮਿਤੀ, ਯਾਨੀਕਿ 21 ਅਗੱਸਤ ਨੂੰ ਸੈਸ਼ਨ ਸੱਦਣ ਲਈ ਕਿਹਾ ਗਿਆ। ਅੱਜ 21 ਅਗੱਸਤ ਹੈ ਅਤੇ ਵਿਸ਼ੇਸ਼ ਸੈਸ਼ਨ ਨਹੀਂ ਸਦਿਆ ਗਿਆ। ਵਿਧਾਨ ਸਭਾ ਦਾ ਕੋਈ ਮਾਨਸੂਨ ਸੈਸ਼ਨ ਵੀ ਨਹੀਂ ਹੋਇਆ ਹੈ।’’
ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਆਪੂ ਬਣੇ ਵਿਸ਼ਵ ਗੁਰੂ ਦੀ ਭੂਮਿਕਾ’ ’ਚ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ।