
ਪੁਲਿਸ ਨੇ ਮੁਲਜ਼ਮ ਕੀਤੇ ਕਾਬੂ
ਯੂ.ਪੀ.- ਨੋਇਡਾ ਦੇ ਸੈਕਟਰ 58 ਥਾਣਾ ਖੇਤਰ ਵਿੱਚ ਇੱਕ ਨੌਜਵਾਨ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਦੇ ਦੋਸ਼ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਥਾਣਾ ਇੰਚਾਰਜ ਨੇ ਦੱਸਿਆ ਕਿ ਸੈਕਟਰ 62 ਦਾ ਰਹਿਣ ਵਾਲਾ ਅਮਿਤ 26 ਜੂਨ ਨੂੰ ਇੰਦਰਾਪੁਰਮ ਥਾਣਾ ਖੇਤਰ 'ਚ ਜ਼ਖਮੀ ਹਾਲਤ 'ਚ ਮਿਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਇੰਦਰਾਪੁਰਮ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਸੀ।
ਥਾਣਾ ਇਚਾਰਜ ਨੇ ਦੱਸਿਆ ਕਿ ਬੀਤੀ ਰਾਤ ਸੈਕਟਰ 58 ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿਚ ਕਤਲ ਦਾ ਕੇਸ ਦਰਜ ਕਰ ਕੇ ਘਟਨਾ ਵਿਚ ਸ਼ਾਮਲ ਰਵੀ, ਧੀਰਜ, ਭੋਲਾ ਅਤੇ ਆਸ਼ੂ ਸ੍ਰੀਵਾਸਤਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਇਹ ਚਾਰੇ ਮ੍ਰਿਤਕ ਅਮਿਤ ਦੇ ਦੋਸਤ ਹਨ। ਇਹ ਪੰਜੇ ਵਿਅਕਤੀ ਘਟਨਾ ਵਾਲੇ ਦਿਨ ਇੱਕ ਆਟੋ ਰਿਕਸ਼ਾ ਵਿਚ ਨੋਇਡਾ ਤੋਂ ਇੰਦਰਾਪੁਰਮ ਗਏ ਸਨ ਅਤੇ ਨਸ਼ਾ ਖਰੀਦਣ ਲਈ ਪੈਸਿਆਂ ਨੂੰ ਲੈ ਕੇ ਮ੍ਰਿਤਕ ਤੇ ਇਨ੍ਹਾਂ ਮੁਲਜ਼ਮਾਂ ਵਿਚਕਾਰ ਝਗੜਾ ਹੋ ਗਿਆ ਸੀ।
ਪੁਲਿਸ ਅਧਿਕਾਰੀ ਅਨੁਸਾਰ ਇਨ੍ਹਾਂ ਮੁਲਜ਼ਮਾਂ ਨੇ ਅਮਿਤ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਮਾਰੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।