ਇਹ ਹਾਦਸਾ ਪਿਛਲੇ ਸਾਲ ਸਤੰਬਰ ਮਹੀਨੇ ਦਾ ਮਾਮਲਾ ਹੈ
ਨਵੀਂ ਦਿੱਲੀ - ਗੂਗਲ ਮੈਪ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣਾ ਜ਼ਰੂਰੀ ਹੈ ਕਿਉਂਕਿ ਇਸ ਦੁਆਰਾ ਸੁਝਾਏ ਗਏ ਰਸਤੇ ਕਈ ਵਾਰ ਖਤਰਨਾਕ ਸਾਬਤ ਹੋ ਸਕਦੇ ਹਨ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਚ ਦੇਖਣ ਨੂੰ ਮਿਲਿਆ। ਜਿੱਥੇ ਗੂਗਲ ਮੈਪ 'ਤੇ ਚੱਲਦੇ ਹੋਏ ਟੁੱਟੇ ਪੁਲ ਤੋਂ ਡਿੱਗ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਹੁਣ ਉਸ ਦੇ ਪਰਿਵਾਰ ਨੇ ਕੰਪਨੀ ਖਿਲਾਫ ਕੇਸ ਦਰਜ ਕਰਵਾਇਆ ਹੈ।
ਇਕ ਨਿਊਜ਼ ਚੈਨਲ ਦੇ ਅਨੁਸਾਰ ਇਹ ਹਾਦਸਾ ਪਿਛਲੇ ਸਾਲ ਸਤੰਬਰ ਮਹੀਨੇ ਦਾ ਮਾਮਲਾ ਹੈ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਚ ਇੱਕ ਮੈਡੀਕਲ ਕੰਪਨੀ ਵਿਚ ਸੇਲਜ਼ਮੈਨ ਫਿਲਿਪ ਪੈਕਸਨ ਆਪਣੀ ਧੀ ਦੇ ਨੌਵੇਂ ਜਨਮ ਦਿਨ ਦੀ ਪਾਰਟੀ ਮਨਾ ਕੇ ਰਾਤ ਨੂੰ ਘਰ ਪਰਤ ਰਿਹਾ ਸੀ। ਉਹ ਜਾਣ ਲਈ ਗੂਗਲ ਮੈਪਸ ਦੀ ਪਾਲਣਾ ਕਰ ਰਿਹਾ ਸੀ।
ਮੈਪ ਨੇ ਉਨ੍ਹਾਂ ਨੂੰ ਇੱਕ ਟੁੱਟੇ ਹੋਏ ਪੁਲ ਤੱਕ ਪਹੁੰਚਾ ਦਿੱਤਾ, ਜਿਸ ਵਿਚ ਕੋਈ ਚੇਤਾਵਨੀ ਬੈਰੀਕੇਡ ਨਹੀਂ ਸੀ। ਦੁੱਖ ਦੀ ਗੱਲ ਇਹ ਹੈ ਕਿ ਜਦੋਂ ਪੈਕਸਨ ਆਪਣੀ ਕਾਰ ਨਾਲ ਉਸ ਪੁਲ 'ਤੇ ਚੜ੍ਹਿਆ ਤਾਂ ਉਸ ਦੀ ਕਾਰ ਪੁਲ ਤੋਂ 20 ਫੁੱਟ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਡੁੱਬ ਕੇ ਮੌਤ ਹੋ ਗਈ। ਫਿਲਿਪ ਦੇ ਪਰਿਵਾਰ ਨੇ ਇਸ ਲਾਪਰਵਾਹੀ ਲਈ ਕੰਪਨੀ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ।
ਫਿਲਿਪ ਦੀ ਪਤਨੀ ਅਲੀਸੀਆ ਪੈਕਸਨ ਦੁਆਰਾ ਦਾਇਰ ਕੀਤੇ ਗਏ ਮੁਕੱਦਮੇ ਵਿਚ ਦੋਸ਼ ਲਾਇਆ ਗਿਆ ਹੈ ਕਿ ਗੂਗਲ ਮੈਪਸ ਖ਼ਤਰਨਾਕ ਸਥਿਤੀਆਂ ਦੇ ਬਾਵਜੂਦ ਕਈ ਸਾਲਾਂ ਤੋਂ ਡਰਾਈਵਰਾਂ ਨੂੰ ਡਿੱਗੇ ਹੋਏ ਪੁਲ ਦੀ ਵਰਤੋਂ ਕਰਨ ਲਈ ਨਿਰਦੇਸ਼ਿਤ ਕਰ ਰਿਹਾ ਸੀ। ਦਰਅਸਲ ਇਹ ਪੁਲ ਕਰੀਬ ਨੌਂ ਸਾਲ ਪਹਿਲਾਂ ਅੱਧਾ ਟੁੱਟ ਗਿਆ ਸੀ।
ਲੋਕਾਂ ਨੇ ਕਥਿਤ ਤੌਰ 'ਤੇ ਗੂਗਲ ਨੂੰ ਪੁਲ ਦੇ ਬੇਕਾਰ ਹੋਣ ਬਾਰੇ ਚੇਤਾਵਨੀ ਦਿੱਤੀ ਸੀ। ਇਸ ਤੋਂ ਇਲਾਵਾ ਦੁਰਘਟਨਾ ਵਾਲੀ ਥਾਂ ਹਿਕੋਰੀ ਦੇ ਇੱਕ ਵਸਨੀਕ ਨੇ ਵੀ ਪੁਲ ਦੇ ਡਿੱਗਣ ਦੀ ਜਾਣਕਾਰੀ ਗੂਗਲ ਮੈਪਸ 'ਸੁਜੇਸਟ ਐਨ ਐਡਿਟ' ਨੂੰ ਦਿੱਤੀ ਸੀ। ਇਸ ਤੋਂ ਬਾਅਦ ਵੀ ਨੇਵੀਗੇਸ਼ਨ ਸਿਸਟਮ ਦੇ ਸੁਝਾਅ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਪਰਿਵਾਰ ਦਾ ਦੋਸ਼ ਹੈ ਕਿ ਫਿਲਿਪ ਪੈਕਸਨ ਦੀ ਦਰਦਨਾਕ ਮੌਤ ਤੋਂ ਬਾਅਦ ਵੀ ਗੂਗਲ ਮੈਪਸ ਨੂੰ ਇਕ ਵਾਰ ਫਿਰ ਖਤਰਨਾਕ ਪੁਲ ਬਾਰੇ ਜਾਣਕਾਰੀ ਦਿੱਤੀ ਗਈ ਸੀ ਅਤੇ ਉਸ ਰਸਤੇ ਦੀ ਵਰਤੋਂ ਕਰਦੇ ਹੋਏ ਪੈਕਸਨ ਦੀ ਜਾਨ ਚਲੀ ਗਈ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਘਟਨਾ ਦੇ ਲਗਭਗ ਛੇ ਮਹੀਨੇ ਬਾਅਦ ਵੀ ਗੂਗਲ ਮੈਪਸ ਢਹਿ-ਢੇਰੀ ਹੋਏ ਪੁਲ ਨੂੰ ਸੁਝਾਅ ਵਾਲੀ ਸੜਕ ਦੇ ਤੌਰ 'ਤੇ ਦਿਖਾ ਰਿਹਾ ਹੈ।