Amit Shah: ਕਿਹਾ -‘1 ਮਾਰਚ, 2026 ਤਕ ਨਕਸਲਵਾਦ ਦਾ ਪੂਰੀ ਤਰ੍ਹਾਂ ਕਰ ਦਿਤਾ ਜਾਵੇਗਾ ਖ਼ਾਤਮਾ’
Amit Shah: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਨਕਸਲੀਆਂ ਨੂੰ ਹਿੰਸਾ ਛੱਡਣ ਅਤੇ ਹਥਿਆਰ ਸੁੱਟਣ ਅਤੇ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਚਿਤਾਵਨੀ ਦਿਤੀ ਕਿ ਜੇਕਰ ਉਨ੍ਹਾਂ ਨੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਵਿਰੁਧ ਵੱਡੇ ਪੱਧਰ ’ਤੇ ਆਪਰੇਸ਼ਨ ਚਲਾਇਆ ਜਾਵੇਗਾ। ਇੱਥੇ ਅਪਣੀ ਰਿਹਾਇਸ਼ ਤੋਂ ਛੱਤੀਸਗੜ੍ਹ ਵਿਚ ਨਕਸਲੀ ਹਮਲੇ ਦੇ 55 ਪੀੜਤਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਇਹ ਵੀ ਕਿਹਾ ਕਿ 31 ਮਾਰਚ, 2026 ਤਕ ਨਕਸਵਾਦ ਨੂੰ ਖ਼ਤਮ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚੋਂ ਨਕਸਲੀ ਹਿੰਸਾ ਅਤੇ ਵਿਚਾਰਧਾਰਾ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।
ਸ਼ਾਹ ਨੇ ਕਿਹਾ,“ਮੈਂ ਨਕਸਲੀਆਂ ਨੂੰ ਹਿੰਸਾ ਛੱਡਣ, ਹਥਿਆਰ ਸੁੱਟਣ ਅਤੇ ਆਤਮ ਸਮਰਪਣ ਕਰਨ ਦੀ ਅਪੀਲ ਕਰਦਾ ਹਾਂ ਜਿਵੇਂ ਉੱਤਰ-ਪੂਰਬ ਦੇ ਅਤਿਵਾਦੀਆਂ ਨੇ ਕੀਤਾ ਹੈ। ਜੇਕਰ ਤੁਸੀਂ ਮੇਰੀ ਗੱਲ ਨਹੀਂ ਸੁਣੀ ਤਾਂ ਜਲਦੀ ਹੀ ਇਸ ਖ਼ਤਰੇ ਨੂੰ ਖ਼ਤਮ ਕਰਨ ਲਈ ਇਕ ਵੱਡੀ ਮੁਹਿੰਮ ਚਲਾਈ ਜਾਵੇਗੀ।’’
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਨਕਸਲੀਆਂ ਵਿਰੁਧ ਅਪਣੇ ਆਪਰੇਸ਼ਨ ਵਿਚ ਮਹੱਤਵਪੂਰਨ ਸਫ਼ਲਤਾ ਹਾਸਲ ਕੀਤੀ ਹੈ ਅਤੇ ਸਮੱਸਿਆ ਹੁਣ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਕਸਲੀਆਂ ਨੇ ਇਕ ਵਾਰ ਪਸ਼ੂਪਤੀਨਾਥ (ਨੇਪਾਲ) ਤੋਂ ਤਿਰੂਪਤੀ (ਆਂਧਰਾ ਪ੍ਰਦੇਸ਼) ਤਕ ਲਾਂਘਾ ਬਣਾਉਣ ਦੀ ਸਾਜ਼ਸ਼ ਰਚੀ ਸੀ ਪਰ ਮੋਦੀ ਸਰਕਾਰ ਨੇ ਇਸ ਨੂੰ ਨਾਕਾਮ ਕਰ ਦਿਤਾ।
ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਰਾਜ ਸਰਕਾਰ ਦੇ ਸਹਿਯੋਗ ਨਾਲ ਛੱਤੀਸਗੜ੍ਹ ਵਿਚ ਨਕਸਲੀ ਹਿੰਸਾ ਤੋਂ ਪ੍ਰਭਾਵਤ ਲੋਕਾਂ ਲਈ ਜਲਦੀ ਹੀ ਇਕ ਕਲਿਆਣ ਯੋਜਨਾ ਤਿਆਰ ਕਰੇਗਾ। ਉਨ੍ਹਾਂ ਕਿਹਾ,‘‘ਅਸੀਂ ਨੌਕਰੀਆਂ, ਸਿਹਤ ਸੰਭਾਲ ਅਤੇ ਹੋਰ ਖੇਤਰਾਂ ਵਿਚ ਕਲਿਆਣਕਾਰੀ ਉਪਾਵਾਂ ਦੁਆਰਾ ਹਰ ਸੰਭਵ ਤਰੀਕੇ ਨਾਲ ਤੁਹਾਡੀ ਮਦਦ ਕਰਾਂਗੇ।’’