
ਸੁਣਵਾਈ ਦੌਰਾਨ ਜਸਟਿਸ ਡੀਵਾਈ ਚੰਦਰਚੂੜ ਅਤੇ ਹਿਮਾ ਕੋਹਲੀ ਦੀ ਬੈਂਚ ਨੇ ਪਟੀਸ਼ਨ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ।
ਨਵੀਂ ਦਿੱਲੀ: ਰਾਸ਼ਟਰਪਤੀ ਨੂੰ ਹਟਾਉਣ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ। ਦਰਅਸਲ ਇਸ ਪਟੀਸ਼ਨ ਵਿਚ ਪਟੀਸ਼ਨਕਰਤਾ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਹਟਾ ਕੇ ਖੁਦ ਨੂੰ ਰਾਸ਼ਟਰਪਤੀ ਬਣਾਉਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨਕਰਤਾ ਕਿਸ਼ੋਰ ਜੇ ਸਾਵੰਤ ਨੇ ਕਿਹਾ ਕਿ 2004 ਤੋਂ ਉਹਨਾਂ ਨੂੰ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਸੁਣਵਾਈ ਦੌਰਾਨ ਜਸਟਿਸ ਡੀਵਾਈ ਚੰਦਰਚੂੜ ਅਤੇ ਹਿਮਾ ਕੋਹਲੀ ਦੀ ਬੈਂਚ ਨੇ ਪਟੀਸ਼ਨ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਉਹ ਰਾਸ਼ਟਰਪਤੀ 'ਤੇ ਕਿਸ ਤਰ੍ਹਾਂ ਦੇ ਭੜਕਾਊ ਦੋਸ਼ ਲਗਾ ਰਹੇ ਹਨ? ਇਹ ਪਟੀਸ਼ਨ ਪੂਰੀ ਤਰ੍ਹਾਂ ਬੇਲੋੜੀ ਹੈ। ਇਹ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਹੈ। ਰਜਿਸਟਰੀ ਪਟੀਸ਼ਨ ਵਿਚ ਕੀਤੀਆਂ ਟਿੱਪਣੀਆਂ ਨੂੰ ਰਿਕਾਰਡ ਵਿਚੋਂ ਹਟਾ ਦੇਵੇਗੀ। ਅਸੀਂ ਪਟੀਸ਼ਨ ਖਾਰਜ ਕਰਦੇ ਹਾਂ। ਰਜਿਸਟਰੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਵਿੱਖ ਵਿਚ ਅਜਿਹੀਆਂ ਪਟੀਸ਼ਨਾਂ ਦਾਇਰ ਨਾ ਕੀਤੀਆਂ ਜਾਣ।
ਇਸ ਦੇ ਨਾਲ ਹੀ ਪਟੀਸ਼ਨਰ ਨੇ ਕਿਹਾ ਕਿ ਮੈਂ ਵਾਤਾਵਰਨ ਪ੍ਰੇਮੀ ਹਾਂ ਪਰ ਮੈਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਹੈ। ਤਾਜ਼ਾ ਉਦਾਹਰਣ ਸ਼੍ਰੀਲੰਕਾ ਹੈ, ਜਿੱਥੇ ਨਾਗਰਿਕਾਂ ਨੇ ਰਾਸ਼ਟਰਪਤੀ ਦੇ ਘਰ ਵਿਚ ਭੰਨ-ਤੋੜ ਕੀਤੀ। ਰੂਸ ਵਿਚ ਕੀ ਹੋ ਰਿਹਾ ਹੈ? ਮੈਂ ਪੂਰੀ ਦੁਨੀਆ ਲਈ ਕੰਮ ਕਰਾਂਗਾ, ਜਿੱਥੇ ਚੀਜ਼ਾਂ ਖਰਾਬ ਹਨ। ਉਸ ਨੇ ਕਿਹਾ ਕਿ ਰਾਸ਼ਟਰਪਤੀ ਦੀ ਭੂਮਿਕਾ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਲੋੜ ਹੈ।