
ਸਫ਼ਾਰਤੀ ਮੌਜੂਦਗੀ ’ਚ ਬਰਾਬਰੀ ਯਕੀਨੀ ਕਰਨ ਦੇ ਤੌਰ-ਤਰੀਕਿਆਂ ’ਤੇ ਕੈਨੇਡੀਆਈ ਧਿਰ ਨਾਲ ਵਿਸਤ੍ਰਿਤ ਚਰਚਾ ਕੀਤੀ ਗਈ ਸੀ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਭਾਰਤ ਸਰਕਾਰ ਨੇ ਸ਼ੁਕਰਵਾਰ ਨੂੰ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿਤਾ ਹੈ ਕਿ ਉਸ ਨੇ ਕੈਨੇਡਾ ਦੇ ਸਫ਼ੀਰਾਂ ਨੂੰ ਵਾਪਸ ਬੁਲਾਉਣ ਲਈ ਕਹਿ ਕੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਸਰਕਾਰ ਨੇ ਕਿਹਾ ਕਿ ਕੈਨੇਡਾ ਨੂੰ ਭਾਰਤ ਤੋਂ ਸਫ਼ੀਰਾਂ ਨੂੰ ਵਾਪਸ ਸੱਦਣ ਲਈ ਕਹਿਣ ਦਾ ਮਕਸਦ ਇਹ ਯਕੀਨੀ ਕਰਨਾ ਸੀ ਕਿ ਦੋਹਾਂ ਦੇਸ਼ਾਂ ’ਚ ਤੈਨਾਤ ਸਫ਼ੀਰਾਂ ਦੀ ਗਿਣਤੀ ਲਗਭਗ ਬਰਾਬਰ ਹੋਵੇ।
ਵਿਦੇਸ਼ ਮੰਤਰਾਲੇ ਨੇ ਜਾਰੀ ਇਕ ਬਿਆਨ ’ਚ ਕਿਹਾ, ‘‘ਅਸੀਂ ਬਰਾਬਰੀ ਲਾਗੂ ਕਰਨ ਨੂੰ ਕੌਮਾਂਤਰੀ ਮਾਨਦੰਡਾਂ ਦੀ ਉਲੰਘਣਾ ਦੇ ਰੂਪ ’ਚ ਪੇਸ਼ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਖ਼ਾਰਜ ਕਰਦੇ ਹਾਂ।’’ ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ, ‘‘ਅਸੀਂ ਭਾਰਤ ’ਚ ਕੈਨੇਡੀਆਈ ਸਫ਼ੀਰਾਂ ਦੀ ਮੌਜੂਦਗੀ ਬਾਰੇ 19 ਅਕਤੂਬਰ ਨੂੰ ਕੈਨੇਡਾ ਸਰਕਾਰ ਵਲੋਂ ਦਿਤਾ ਗਿਆ ਬਿਆਨ ਵੇਖਿਆ ਹੈ।’’
ਮੰਤਰਾਲੇ ਨੇ ਕਿਹਾ, ‘‘ਸਾਡੇ ਦੁਵੱਲੇ ਸੰਬੰਧਾਂ ਦੀ ਸਥਿਤੀ, ਭਾਰਤ ’ਚ ਕੈਨੇਡੀਆਈ ਸਫ਼ੀਰਾਂ ਦੀ ਬਹੁਤ ਵੱਧ ਗਿਣਤੀ ਅਤੇ ਸਾਡੇ ਅੰਦਰੂਨੀ ਮਾਮਲਿਆਂ ’ਚ ਉਨ੍ਹਾਂ ਦੀ ਲਗਾਤਾਰ ਦਖ਼ਲਅੰਦਾਜ਼ੀ ਨਵੀਂ ਦਿੱਲੀ ਅਤੇ ਓਟਾਵਾ ’ਚ ਆਪਸੀ ਸਫ਼ਾਰਤੀ ਮੌਜੂਦਗੀ ’ਚ ਬਰਾਬਰੀ ਨੂੰ ਲੋੜੀਂਦਾ ਬਣਾਉਂਦੀ ਹੈ।’’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਸਫ਼ਾਰਤੀ ਮੌਜੂਦਗੀ ’ਚ ਬਰਾਬਰੀ ਯਕੀਨੀ ਕਰਨ ਦੇ ਤੌਰ-ਤਰੀਕਿਆਂ ’ਤੇ ਪਿਛਲੇ ਮਹੀਨੇ ਕੈਨੇਡੀਆਈ ਧਿਰ ਨਾਲ ਵਿਸਤ੍ਰਿਤ ਚਰਚਾ ਕੀਤੀ ਸੀ। ਮੰਤਰਾਲੇ ਨੇ ਕਿਹਾ, ‘‘ਸਫ਼ਾਰਤੀ ਮੌਜੂਦਗੀ ’ਚ ਬਰਾਬਰੀ ਨੂੰ ਲਾਗੂ ਕਰਨ ਦਾ ਸਾਡਾ ਕਦਮ ਵਿਏਨਾ ਸੰਧੀ ਦੀ ਧਾਰਾ 11.1 ਹੇਠ ਪੂਰੀ ਤਰ੍ਹਾਂ ਸੁਸੰਗਤ ਹੈ।’’
ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਸੀ ਕਿ 41 ਕੈਨੇਡੀਆਈ ਸਫ਼ੀਰਾਂ ਨੂੰ ਸਫ਼ਾਰਤੀ ਛੋਟਾ (ਇਮਿਊਨਿਟੀ) ਨੂੰ ਰੱਦ ਕਰਨ ਦਾ ਭਾਰਤ ਦਾ ਫੈਸਲਾ ਵੀਏਨਾ ਸੰਧੀ ਦਾ ਉਲੰਘਣ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਤੋਂ ਸਾਰੇ ਦੇਸਾਂ ਨੂੰ ਚਿੰਤਤ ਹੋਣਾ ਚਾਹੀਦਾ ਹੈ। ਕੈਨੇਡਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਸ ਨੇ ਅਪਣੇ 62 ਸਫ਼ੀਰਾਂ ’ਚੋਂ 41 ਸਫ਼ੀਰਾਂ ਨੂੰ ਉਨ੍ਹਾਂ ਦੀ ਸਫ਼ਾਰਤੀ ਛੋਟ ਵਾਪਸ ਲਏ ਜਾਣ ਦੀ ਭਾਰਤ ਦੀ ਧਮਕੀ ਤੋਂ ਬਾਅਦ ਵਾਪਸ ਸੱਦ ਲਿਆ ਹੈ।
ਟਰੂਡੋ ਨੇ ਓਂਟਾਰੀਓ ਦੇ ਬਰੈਂਪਟਨ ’ਚ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਭਾਰਤ ਸਰਕਾਰ, ਭਾਰਤ ਅਤੇ ਕੈਨੇਡਾ ’ਚ ਲੱਖਾਂ ਲੋਕਾਂ ਲਈ ਜੀਵਨ ਨੂੰ ਆਮ ਰੂਪ ’ਚ ਜਾਰੀ ਰਖਣਾ ‘ਮੁਸ਼ਕਲ’ ਬਣਾ ਰਿਹਾ ਹੈ। ਉਨ੍ਹਾਂ ਕਿਹਾ, ‘‘ਅਤੇ ਉਹ ਕੂਟਨੀਤੀ ਦੇ ਇਕ ਬਹੁਤ ਹੀ ਬੁਨਿਆਦੀ ਸਿਧਾਂਤ ਦੀ ਉਲੰਘਣਾ ਕਰ ਕੇ ਅਜਿਹਾ ਕਰ ਰਹੇ ਹਨ।’’ ਇਸ ਸਾਲ ਜੂਨ ’ਚ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਟਰੂਡੋ ਦੇ ਦੋਸ਼ਾਂ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ਸਿਆਸੀ ਤਣਾਅ ਪੈਦਾ ਹੋ ਗਿਆ ਸੀ ਅਤੇ ਪਿਛਲੇ ਮਹੀਨੇ ਭਾਰਤ ਨੇ ਕੈਨੇਡਾ ਤੋਂ ਅਪਣੇ 41 ਸਫ਼ੀਰਾਂ ਨੂੰ ਵਾਪਸ ਸੱਦਣ ਨੂੰ ਕਿਹਾ ਸੀ। ਭਾਰਤ ਨੇ ਨਾਲ ਹੀ ਕੈਨੇਡਾ ਦੇ ਦੋਸਾਂ ਨੂੰ ਮਜ਼ਬੂਤੀ ਨਾਲ ਖ਼ਾਰਜ ਕਰ ਦਿਤਾ ਸੀ।
ਭਾਰਤ ਨੇ ਕੈਨੇਡਾ ਦੇ 41 ਸਫ਼ੀਰਾਂ ਦੀ ਦੇਸ਼ ਤੋਂ ਵਾਪਸੀ ਨੂੰ ਕੌਮਾਂਤਰੀ ਮਾਨਦੰਡਾਂ ਦੀ ਉਲੰਘਣਾ ਦੇ ਰੂਪ ’ਚ ‘ਪੇਸ਼’ ਕਰਨ ਦੀ ਕੈਨੇਡਾ ਦੀਆਂ ਕੋਸ਼ਿਸ਼ਾਂ ਨੂੰ ਸ਼ੁਕਰਵਾਰ ਨੂੰ ਖ਼ਾਰਜ ਕਰ ਦਿਤਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਪਾਸੜ ਸਫ਼ਾਰਤੀ ਬਰਾਬਰੀ ਯਕੀਨੀ ਕਰਨਾ ਸਫ਼ਾਰਤੀ ਸੰਬੰਧਾਂ ਨੂੰ ਲੈ ਕੇ ਹੋਈ ਵਿਏਨਾ ਸੰਧੀ ਦੀਆਂ ਸ਼ਰਤਾਂ ਅਨੁਸਾਰ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਭਾਰਤ ਤੋਂ ਸਫ਼ੀਰਾਂ ਦੀ ਵਾਪਸੀ ਦਾ ਐਲਾਨ ਕੀਤਾ ਸੀ, ਜਿਸ ’ਚ ਉਨ੍ਹਾਂ ਨੇ ਨਵੀਂ ਦਿੱਲੀ ਦੀ ਕਾਰਵਾਈ ਨੂੰ ‘ਕੌਮਾਂਤਰੀ ਕਾਨੂੰਨ ਤੋਂ ਉਲਟ’ ਅਤੇ ਸਫ਼ਾਰਤੀ ਸੰਬੰਧਾਂ ’ਤੇ ਵਿਏਨਾ ਸੰਧੀ ਦਾ ਉਲੰਘਣ ਦਸਿਆ ਸੀ।