
ਜ਼ਬਤੀ ਸਮੇਂ ਸਰਕਾਰ ਦੇ ਵਾਲੇਟ ’ਚ ਤਬਦੀਲ ਕੀਤੇ ਗਏ ਚ 28 ਬਿਟਕੁਆਇਨ, 22 ਇਥੇਰੀਅਮ, 25,572 ਰਿਪਲ ਅਤੇ 77 ਯੂ.ਐਸ.ਡੀ.ਟੀ.
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਧੋਖਾਧੜੀ ਦੇ ਇਕ ਮਾਮਲੇ ’ਚ ਅਹਿਮਦਾਬਾਦ ਦੇ ਇਕ ਵਿਅਕਤੀ ਤੋਂ 9,30,000 ਡਾਲਰ (ਲਗਭਗ 7.7 ਕਰੋੜ ਰੁਪਏ) ਤੋਂ ਵੱਧ ਮੁੱਲ ਦੀ ਕ੍ਰਿਪਟੋਕਰੰਸੀ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਰਾਮਾਵਤ ਨੇ ਕਥਿਤ ਤੌਰ ’ਤੇ ਖ਼ੁਦ ਨੂੰ ਆਨਲਾਈਨ ਵਿਕਰੀਕਰਤਾ ਕੰਪਨੀ ਐਮੇਜ਼ੋਨ ਦੇ ਧੋਖਾਧੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਦੇ ਰੂਪ ’ਚ ਪੇਸ਼ ਕਰ ਕੇ ਇਕ ਅਮਰੀਕੀ ਨਾਗਰਿਕ ਨੂੰ ਅਪਣੇ ਜਾਲ ’ਚ ਫਸਾਇਆ ਸੀ। ਅਮਰੀਕੀ ਜਾਂਚ ਏਜੰਸੀ ‘ਸੰਘੀ ਜਾਂਚ ਬਿਉਰੋ’ (ਐਫ਼.ਬੀ.ਆਈ.) ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਸੀ.ਬੀ.ਆਈ. ਨੇ ਸੈਸ਼ਵ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਹੈ।
ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਦੌਰਾਨ ਸੀ.ਬੀ.ਆਈ. ਨੂੰ ਸੈਸ਼ਵ ਦੇ ਈ-ਵਾਲੇਟ ’ਚ 28 ਬਿਟਕੁਆਇਨ, 22 ਇਥੇਰੀਅਮ, 25,572 ਰਿਪਲ ਅਤੇ 77 ਯੂ.ਐਸ.ਡੀ.ਟੀ. ਮਿਲੇ। ਉਨ੍ਹਾਂ ਨੇ ਦਸਿਆ ਕਿ ਇਨ੍ਹਾਂ ਕ੍ਰਿਪਟੋਕਰੰਸੀ ਨੂੰ ਜ਼ਬਤੀ ਸਮੇਂ ਸਰਕਾਰ ਦੇ ਵਾਲੇਟ ’ਚ ਤਬਦੀਲ ਕਰ ਦਿਤਾ ਗਿਆ। ਅਧਿਕਾਰੀ ਮੁਤਾਬਕ ਮੁਲਜ਼ਮ ਨੇ ਕਥਿਤ ਤੌਰ ’ਤੇ ਪੀੜਤ ਨੂੰ ਭਰੋਸਾ ਦਿਤਾ ਸੀ ਕਿ ਉਸ ਦੇ ਐਮੇਜ਼ੋਨ ਖਾਤੇ ’ਚ ਸੰਨ੍ਹ ਲਾਉਣ ਦੀ ਕੁਝ ਲੋਕ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਉਸ ਦੇ ਐਮੇਜ਼ੋਨ ਖਾਤੇ ਦੀ ਸੁਰਖਿਆ ਨੂੰ ਖ਼ਤਰਾ ਹੈ।
ਸੀ.ਬੀ.ਆਈ. ਦੇ ਬੁਲਾਰੇ ਨੇ ਕਿਹਾ, ‘‘ਮੁਲਜ਼ਮ ਨੇ ਪੀੜਤ ਨੂੰ ਅਪਣੇ ਬੈਂਕ ਖਾਤਿਆਂ ’ਚੋਂ ਨਕਦੀ ਕੱਢਣ ਅਤੇ ਉਸ ਨੂੰ ਰਾਕੇਟਕੁਆਇਨ ਏ.ਟੀ.ਐਮ. ’ਚ ਬਿਟਕੁਆਇਨ ’ਚ ਜਮ੍ਹਾਂ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਪੀੜਤ ਨਾਲ ਇਕ ਕਿਉ.ਆਰ. ਕੋਡ ਵੀ ਸਾਂਝਾ ਕੀਤਾ।’’ ਬੁਲਾਰੇ ਨੇ ਕਿਹਾ ਕਿ ਪੀੜਤ ਦਾ ਭਰੋਸਾ ਜਿੱਤਣ ਲਈ ਸੈਸ਼ਵ ਨੇ 20 ਸਤੰਬਰ, 2022 ਨੂੰ ਇਕ ਫ਼ਰਜ਼ੀ ਈ-ਮੇਲ ਭੇਜ ਕੇ ਇਹ ਦਾਅਵਾ ਕੀਤਾ ਕਿ ਇਹ ਮੇਲ ਅਮਰੀਕਾ ਦੇ ਸੰਘੀ ਵਪਾਰ ਕਮਿਸ਼ਨ ਵਲੋਂ ਜਾਰੀ ਕੀਤਾ ਗਿਆ ਸੀ।
ਅਧਿਕਾਰੀ ਨੇ ਕਿਹਾ, ਲਾਲਚ ’ਚ ਆ ਕੇ ਪੀੜਤ ਨੇ ਕਥਿਤ ਤੌਰ ’ਤੇ 30 ਅਗੱਸਤ, 2022 ਤੋਂ 9 ਸਤੰਬਰ, 2022 ਦੌਰਾਨ ਵੱਖ-ਵੱਖ ਮਿਤੀਆਂ ’ਤੇ ਅਪਣੇ ਬੈਂਕ ਖਾਤਿਆਂ ’ਚੋਂ 130,000 ਅਮਰੀਕੀ ਡਾਲਰ ਦੀ ਰਕਮ ਕੱਢੀ ਅਤੇ ਉਸ ਨੂੰ ਮੁਲਜ਼ਮ ਵਲੋਂ ਦਿਤੇ ਬਿਟਕੁਆਇਨ ਖਾਤੇ ’ਚ ਜਮ੍ਹਾਂ ਕਰ ਦਿਤਾ। ਅਧਿਕਾਰੀ ਮੁਤਾਬਕ, ਸੈਸ਼ਵ ਨੇ ਕਥਿਤ ਤੌਰ ’ਤੇ ਇਸ ਰਕਮ ਦਾ ਦੁਰਉਪਯੋਗ ਕੀਤਾ ਸੀ। ਬੁਲਾਰੇ ਨੇ ਕਿਹਾ, ‘‘ਮੁਲਜ਼ਮ ਦੇ ਅਹਿਮਦਾਬਾਦ ਸਥਿਤ ਟਿਕਾਣਿਆਂ ਦੀ ਤਲਾਸ਼ੀ ਦੌਰਾਨ ਉਸ ਦੇ ਕ੍ਰਿਪਟੋ ਵਾਲੇਟ ’ਚੋਂ ਲਗਭਗ 9,30,000 ਡਾਲਰ ਮੁੱਲ ਦੇ ਬਿਟਕੁਆਇਨ, ਇਥੇਰੀਅਮ, ਰਿਪਲ, ਯੂ.ਐਸ.ਡੀ.ਟੀ. ਆਦਿ ਕ੍ਰਿਪਟੋਕਰੰਸੀ ਅਤੇ ਇਤਰਾਜ਼ਯੋਗ ਸਮੱਗਰੀ ਦੀ ਬਰਾਮਦਗੀ ਅਤੇ ਜ਼ਬਤੀ ਹੋਈ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਮਾਮਲੇ ’ਚ ਸੈਸ਼ਵ ਦੇ ਦੋ ਸਾਥੀਆਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਸੀ.ਬੀ.ਆਈ. ਨੇ ਅਹਿਮਦਾਬਾਦ ’ਚ ਉਨ੍ਹਾਂ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਅਤੇ ਉਸ ਦੇ ਮੋਬਾਈਲ ਫ਼ੋਨ, ਲੈਪਟਾਪ ਅਤੇ ਹੋਰ ਡਿਜੀਟਲ ਉਪਕਰਨ ਜ਼ਬਤ ਕਰ ਲਏ।