
Ganderbal Terror Attack: ਕਰਮਚਾਰੀਆਂ 'ਤੇ ਅੰਨ੍ਹੇਵਾਹ ਕੀਤੀ ਗੋਲੀਬਾਰੀ
Ganderbal Terror Attack News: ਜੰਮੂ-ਕਸ਼ਮੀਰ ਦੇ ਗੰਦਰਬਲ 'ਚ ਅਤਿਵਾਦੀਆਂ ਦੇ ਕਾਇਰਾਨਾ ਹਮਲੇ 'ਚ 7 ਲੋਕਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿਚ ਇਕ ਸਥਾਨਕ ਡਾਕਟਰ ਅਤੇ ਸੁਰੰਗ 'ਚ ਕੰਮ ਕਰ ਰਹੇ 6 ਕਰਮਚਾਰੀ ਸ਼ਾਮਲ ਹਨ। ਮਰਨ ਵਾਲਿਆਂ ਵਿੱਚੋਂ (ਇਕ ਪੰਜਾਬੀ) ਪੰਜ ਗੈਰ-ਸਥਾਨਕ ਸਨ, ਜਿਨ੍ਹਾਂ ਵਿੱਚ 2 ਅਧਿਕਾਰੀ ਵਰਗ ਅਤੇ 3 ਮਜ਼ਦੂਰ ਵਰਗ ਦੇ ਸਨ।
ਇਸ ਹਮਲੇ 'ਚ 5 ਕਰਮਚਾਰੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (SKIMS) 'ਚ ਰੈਫਰ ਕੀਤਾ ਗਿਆ ਹੈ। ਇਹ ਹਮਲਾ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਵਿੱਚ ਹੋਇਆ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਪੁਲਿਸ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਹਮਲੇ ਨੂੰ ਅੰਜਾਮ ਦੇਣ ਵਾਲੇ ਅਤਿਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅਤਿਵਾਦੀ ਹਮਲੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਤਿਵਾਦੀ ਹਮਲਾ ਰਾਤ ਕਰੀਬ 8.30 ਵਜੇ ਹੋਇਆ। ਇਸ ਸਮੇਂ ਸਾਰੇ ਕਰਮਚਾਰੀ ਖਾਣਾ ਖਾਣ ਲਈ ਮੈੱਸ ਵਿੱਚ ਇਕੱਠੇ ਹੋਏ ਸਨ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਦੋਂ ਕਰਮਚਾਰੀ ਮੇਸ ਵਿੱਚ ਖਾਣਾ ਖਾ ਰਹੇ ਸਨ ਤਾਂ ਤਿੰਨ ਅਤਿਵਾਦੀ ਉੱਥੇ ਪਹੁੰਚ ਗਏ ਅਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਅਤਿਵਾਦੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫ਼ਰਾਰ ਹੋ ਗਏ। ਅਤਿਵਾਦੀਆਂ ਦੀ ਗੋਲੀਬਾਰੀ 'ਚ ਦੋ ਗੱਡੀਆਂ ਵੀ ਸੜ ਕੇ ਸੁਆਹ ਹੋ ਗਈਆਂ। ਸੂਤਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਲਸ਼ਕਰ-ਏ-ਤੋਇਬਾ ਨਾਲ ਜੁੜੇ ਸੰਗਠਨ ਦ ਰੇਸਿਸਟੈਂਸ ਫਰੰਟ (ਟੀ.ਆਰ.ਐੱਫ.) ਨੇ ਕੀਤਾ ਹੈ।
ਅਤਿਵਾਦੀ ਹਮਲੇ ਵਿੱਚ ਇਨ੍ਹਾਂ ਦੀ ਹੋਈ ਮੌਤ
1. ਗੁਰਮੀਤ ਸਿੰਘ (ਗੁਰਦਾਸਪੁਰ ਪੰਜਾਬ)
2. ਡਾ.ਸ਼ਾਹਨਵਾਜ਼
3. ਅਨਿਲ ਕੁਮਾਰ ਸ਼ੁਕਲਾ
4. ਫਹੀਮ ਨਜ਼ੀਰ
5. ਸ਼ਸ਼ੀ ਅਬਰੋਲ
6. ਮੁਹੰਮਦ ਹਨੀਫ਼
7. ਕਲੀਮ
ਅਤਿਵਾਦੀ ਹਮਲੇ 'ਚ ਇਹ ਹੋਏ ਜ਼ਖ਼ਮੀ
1. ਇੰਦਰ ਯਾਦਵ (35 ਸਾਲ), ਵਾਸੀ ਬਿਹਾਰ (ਮਜ਼ਦੂਰ)।
2. ਮੋਹਨ ਲਾਲ ਉਮਰ (45), ਵਾਸੀ ਕਠੂਆ (ਮਜ਼ਦੂਰ)।
3. ਮੁਸ਼ਤਾਕ ਅਹਿਮਦ ਲੋਨ (25), ਵਾਸੀ ਪਰਿੰਗ
4. ਇਸ਼ਫਾਕ ਅਹਿਮਦ ਭੱਟ (30) ਵਾਸੀ ਸਫਾਪੋਰਾ।
5. ਜਗਤਾਰ ਸਿੰਘ (36) ਵਾਸੀ ਕਠੂਆ