
ਗੁੰਡ ਇਲਾਕੇ ’ਚ ਇਕ ਨਿਰਮਾਣ ਅਧੀਨ ਸੁਰੰਗ ’ਚ ਇਕ ਡਾਕਟਰ ਅਤੇ 6 ਪ੍ਰਵਾਸੀ ਮਜ਼ਦੂਰਾਂ ਦੀ ਅਤਿਵਾਦੀ ਹਮਲੇ ’ਚ ਹੋ ਗਈ ਸੀ ਮੌਤ
ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਗਾਂਦਰਬਲ ਇਲਾਕੇ ’ਚ ਅਤਿਵਾਦੀਆਂ ਵਲੋਂ ਉਸਾਰੀ ਅਧੀਨ ਸੁਰੰਗ ’ਤੇ ਹਮਲਾ ਕੀਤੇ ਜਾਣ ਤੋਂ ਇਕ ਦਿਨ ਬਾਅਦ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੇ ਨਾਲ ਹੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੇ ਅਧਿਕਾਰੀਆਂ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ।
ਅਧਿਕਾਰੀਆਂ ਨੇ ਦਸਿਆ ਕਿ ਫੌਜ, ਸੀ.ਆਰ.ਪੀ.ਐਫ. ਅਤੇ ਪੁਲਿਸ ਦੇ ਜਵਾਨ ਕਸ਼ਮੀਰ ’ਚ ਗੈਰ-ਸਥਾਨਕ ਮਜ਼ਦੂਰਾਂ ’ਤੇ ਹੋਏ ਸੱਭ ਤੋਂ ਘਾਤਕ ਹਮਲਿਆਂ ’ਚ ਸ਼ਾਮਲ ਅਤਿਵਾਦੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੱਭਣ ਲਈ ਉਸਾਰੀ ਵਾਲੀ ਥਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਤਲਾਸ਼ੀ ਲੈ ਰਹੇ ਹਨ।
ਇਕ ਅਧਿਕਾਰੀ ਨੇ ਕਿਹਾ, ‘‘ਅਜੇ ਤਕ ਗ੍ਰਿਫਤਾਰੀਆਂ ’ਚ ਕੋਈ ਤਰੱਕੀ ਨਹੀਂ ਹੋਈ ਹੈ ਪਰ ਸਾਨੂੰ ਉਮੀਦ ਹੈ ਕਿ ਕੁੱਝ ਸੁਰਾਗ ਮਿਲਣਗੇ ਜੋ ਸਾਨੂੰ ਹਮਲੇ ’ਚ ਸ਼ਾਮਲ ਅਤਿਵਾਦੀਆਂ ਤਕ ਲੈ ਜਾਣਗੇ।’’ ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਗੁੰਡ ਇਲਾਕੇ ’ਚ ਸੁਰੰਗ ਪ੍ਰਾਜੈਕਟ ’ਤੇ ਕੰਮ ਕਰ ਰਹੇ ਮਜ਼ਦੂਰ ਅਤੇ ਹੋਰ ਮਜ਼ਦੂਰ ਦੇਰ ਸ਼ਾਮ ਅਪਣੇ ਕੈਂਪ ’ਚ ਪਰਤੇ, ਜਦੋਂ ਅਣਪਛਾਤੇ ਅਤਿਵਾਦੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿਤਾ।
ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੇ ਮਜ਼ਦੂਰਾਂ ਦੇ ਸਮੂਹ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ’ਚ ਸਥਾਨਕ ਅਤੇ ਬਾਹਰੀ ਲੋਕ ਸ਼ਾਮਲ ਸਨ। ਮੰਨਿਆ ਜਾ ਰਿਹਾ ਹੈ ਕਿ ਅਤਿਵਾਦੀਆਂ ਦੀ ਗਿਣਤੀ ਘੱਟੋ-ਘੱਟ ਦੋ ਸੀ। ਅਧਿਕਾਰੀਆਂ ਨੇ ਦਸਿਆ ਕਿ ਦੋ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰਾਂ ਨੇ ਦਮ ਤੋੜ ਦਿਤਾ ਅਤੇ ਬਾਅਦ ’ਚ ਇਕ ਡਾਕਟਰ ਨੇ ਵੀ ਦਮ ਤੋੜ ਦਿਤਾ। ਐਨ.ਆਈ.ਏ. ਦੇ ਅਧਿਕਾਰੀਆਂ ਨੇ ਸਬੂਤ ਇਕੱਠੇ ਕਰਨ ਲਈ ਅੱਜ ਦੁਪਹਿਰ ਮੌਕੇ ਦਾ ਦੌਰਾ ਕੀਤਾ।
ਗਾਂਦਰਬਲ ’ਚ ਮਾਰੇ ਗਏ ਮਜ਼ਦੂਰਾਂ ਦੀ ਮੌਤ ਦਾ ਬਦਲਾ ਸੁਰੱਖਿਆ ਬਲ ਲੈਣਗੇ: ਉਪ ਰਾਜਪਾਲ
ਕਿਹਾ, ਅਜਿਹੀ ਕਾਰਵਾਈ ਕੀਤੀ ਜਾਵੇਗੀ ਜਿਸ ਨੂੰ ਅਤਿਵਾਦੀ ਭਵਿੱਖ ’ਚ ਵੀ ਯਾਦ ਰਖਣਗੇ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕਿਹਾ ਕਿ ਸੁਰੱਖਿਆ ਬਲ ਗਾਂਦਰਬਲ ’ਚ ਹੋਏ ਅਤਿਵਾਦੀ ਹਮਲੇ ’ਚ ਮਾਰੇ ਗਏ ਮਜ਼ਦੂਰਾਂ ਦੀ ਮੌਤ ਦਾ ਬਦਲਾ ਲੈਣਗੇ ਅਤੇ ਉਹ ਅਜਿਹੀ ਕਾਰਵਾਈ ਕਰਨਗੇ, ਜਿਸ ਨੂੰ ਅਤਿਵਾਦੀ ਭਵਿੱਖ ’ਚ ਵੀ ਯਾਦ ਰਖਣਗੇ।
ਸਿਨਹਾ ਨੇ ਮ੍ਰਿਤਕਾਂ ਲਈ ਨਿਆਂ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਉਨ੍ਹਾਂ ਨੇ ਪਾਕਿਸਤਾਨ ’ਤੇ ਦੋਸ਼ ਲਾਇਆ ਕਿ ਉਹ ਅਜੇ ਵੀ ਖੇਤਰ ’ਚ ਸ਼ਾਂਤੀ ਭੰਗ ਕਰਨ ਲਈ ਬੇਕਸੂਰ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪੀੜਤ ਪਰਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਹੁਕਮ ਦਿਤੇ। ਗਾਂਦਰਬਲ ਜ਼ਿਲ੍ਹੇ ਦੇ ਗੁੰਡ ’ਚ ਇਕ ਨਿਰਮਾਣ ਅਧੀਨ ਸੁਰੰਗ ’ਚ ਹੋਏ ਅਤਿਵਾਦੀ ਹਮਲੇ ’ਚ ਕਸ਼ਮੀਰ ਦੇ ਇਕ ਡਾਕਟਰ ਅਤੇ 6 ਪ੍ਰਵਾਸੀ ਮਜ਼ਦੂਰਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।
ਸਿਨਹਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਮਜ਼ਦੂਰਾਂ ’ਤੇ ਹੋਏ ਬੇਰਹਿਮ ਅਤੇ ਵਹਿਸ਼ੀ ਹਮਲੇ ਦਾ ਬਦਲਾ ਲਿਆ ਜਾਵੇਗਾ। ਮੈਂ ਜੰਮੂ-ਕਸ਼ਮੀਰ ਪੁਲਿਸ, ਸੁਰੱਖਿਆ ਬਲਾਂ ਨੂੰ ਅਜਿਹੀਆਂ ਕਾਰਵਾਈਆਂ ਕਰਨ ਲਈ ਕਿਹਾ ਹੈ ਜੋ ਅਤਿਵਾਦੀ ਅਤੇ ਉਨ੍ਹਾਂ ਦੇ ਸਹਿਯੋਗੀ ਭਵਿੱਖ ’ਚ ਯਾਦ ਰਖਣਗੇ।’’
ਇਸ ਤੋਂ ਪਹਿਲਾਂ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਪ ਰਾਜਪਾਲ ਨੇ ਕਿਹਾ, ‘‘ਅਸੀਂ ਕੱਲ੍ਹ ਦੇ ਕਾਇਰਾਨਾ ਹਮਲੇ ਨੂੰ ਨਹੀਂ ਭੁੱਲਾਂਗੇ। ਗੁਆਂਢੀ ਦੇਸ਼ ਤੋਂ ਖਤਰਾ ਅਜੇ ਵੀ ਬਣਿਆ ਹੋਇਆ ਹੈ। ਉਹ ਅਜੇ ਵੀ ਇਸ ਖੇਤਰ ’ਚ ਨਿਰਦੋਸ਼ ਲੋਕਾਂ ਨੂੰ ਮਾਰਨ ਅਤੇ ਇੱਥੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’’
ਸਿਨਹਾ ਨੇ ਕਿਹਾ ਕਿ ਅਤਿਵਾਦ ਵਿਰੋਧੀ ਮੁਹਿੰਮਾਂ ਨੂੰ ਬਿਹਤਰ ਬਣਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘‘ਸਾਨੂੰ ਇੱਥੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਦੀ ਲੋੜ ਹੈ। ਸਾਨੂੰ ਸੰਭਾਵਤ ਖਤਰਿਆਂ ਪ੍ਰਤੀ ਸੁਚੇਤ ਰਹਿਣ ਅਤੇ ਅਤਿਵਾਦ ਵਿਰੋਧੀ ਮੁਹਿੰਮਾਂ ’ਚ ਸੁਧਾਰ ਕਰਨ ਦੀ ਲੋੜ ਹੈ।’’ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਕਿਹਾ ਕਿ ਬੇਕਸੂਰ ਲੋਕਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਉਪ ਰਾਜਪਾਲ ਨੇ ਡਿਊਟੀ ਦੌਰਾਨ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਦਿਤੀ ਅਤੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਉਪ ਰਾਜਪਾਲ ਨੇ ਪ੍ਰਮੁੱਖ ਸਕੱਤਰ ਗ੍ਰਹਿ ਚੰਦਰਕਰ ਭਾਰਤੀ ਨੂੰ ਅਤਿਵਾਦੀ ਹਮਲੇ ’ਚ ਮਾਰੇ ਗਏ ਨਾਗਰਿਕਾਂ ਦੇ ਪਰਵਾਰਾਂ ਨੂੰ ਤੁਰਤ ਵਿੱਤੀ ਸਹਾਇਤਾ ਦੇਣ ਦੇ ਹੁਕਮ ਦਿਤੇ ਹਨ। ਬੁਲਾਰੇ ਨੇ ਦਸਿਆ ਕਿ ਏ.ਪੀ.ਸੀ.ਓ. ਇੰਫਰਾਟੈਕ ਕੰਪਨੀ, ਜਿਸ ਲਈ ਮਜ਼ਦੂਰ ਕੰਮ ਕਰਦੇ ਸਨ, ਨੇ ਉਪ ਰਾਜਪਾਲ ਨੂੰ ਉਨ੍ਹਾਂ ਦੇ ਪਰਵਾਰਾਂ ਨੂੰ ਦਿਤੀ ਜਾਣ ਵਾਲੀ ਸਹਾਇਤਾ ਬਾਰੇ ਸੂਚਿਤ ਕਰ ਦਿਤਾ ਹੈ। ਸਿਨਹਾ ਨੇ ਕਿਹਾ ਕਿ ਕੰਪਨੀ ਨੂੰ ਬਿਨਾਂ ਦੇਰੀ ਕੀਤੇ ਮੁਆਵਜ਼ੇ ਦੀ ਰਕਮ ਜਾਰੀ ਕਰਨੀ ਚਾਹੀਦੀ ਹੈ।
ਸੁਰੱਖਿਆ ਨਾਲ ਜੁੜੇ ਖਰਚੇ ਹਰੇਕ ਮ੍ਰਿਤਕ ਦੇ ਪਰਵਾਰ ਨੂੰ 6 ਲੱਖ ਰੁਪਏ ਜਾਣਗੇ ਜਦਕਿ ਏ.ਪੀ.ਸੀ.ਓ. ਇੰਫਰਾਟੈਕ ਤੁਰਤ ਸਹਾਇਤਾ ਵਜੋਂ 15 ਲੱਖ ਰੁਪਏ ਪ੍ਰਦਾਨ ਕਰੇਗੀ। ਹਰ ਜ਼ਖਮੀ ਨੂੰ 2-2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿਤੀ ਜਾਵੇਗੀ। ਏ.ਪੀ.ਸੀ.ਓ. ਇੰਫਰਾਟੈਕ ਕਾਰਪੋਰੇਟ ਪਰਸਨਲ ਐਕਸੀਡੈਂਟ ਇੰਸ਼ੋਰੈਂਸ ਅਧੀਨ ਕੰਮ ਕਰ ਰਹੇ ਸਿਵਲੀਅਨ ਕਰਮਚਾਰੀਆਂ ਦੇ ਪਰਵਾਰਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗੀ ਅਤੇ ਬੀਮੇ ਤੋਂ ਮੁਆਵਜ਼ੇ ਵਜੋਂ ਉਨ੍ਹਾਂ ਦੇ ਕੁਲ ਸੀ.ਟੀ.ਸੀ. ਦਾ ਪੰਜ ਸਾਲ ਦਾ ਹਿੱਸਾ ਵੀ ਪ੍ਰਦਾਨ ਕਰੇਗੀ।
ਗਾਂਦਰਬਲ ਅਤਿਵਾਦੀ ਹਮਲੇ ਦੀ ਪੂਰੇ ਦੇਸ਼ ’ਚ ਭਰਵੀਂ ਨਿੰਦਾ
ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ’ਚ ਇਕ ਮਜ਼ਦੂਰ ਕੈਂਪ ’ਤੇ ਹੋਏ ਅਤਿਵਾਦੀ ਹਮਲੇ ਦੀ ਪੂਰੇ ਦੇਸ਼ ’ਚ ਭਰਵੀਂ ਨਿੰਦਾ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ’ਚ ਹੋਏ ਅਤਿਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਇਸ ਘਿਨਾਉਣੇ ਕੰਮ ਦੇ ਦੋਸ਼ੀਆਂ ਨੂੰ ਸਜ਼ਾ ਦਿਤੇ ਬਿਨਾਂ ਨਹੀਂ ਛਡਿਆ ਜਾਵੇਗਾ ਅਤੇ ਉਨ੍ਹਾਂ ਨੂੰ ਸੁਰੱਖਿਆ ਬਲਾਂ ਦੀ ਸਭ ਤੋਂ ਸਖਤ ਕਾਰਵਾਈ ਦਾ ਸਾਹਮਣਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਗਗਨਗੀਰ ’ਚ ਨਾਗਰਿਕਾਂ ’ਤੇ ਹੋਇਆ ਭਿਆਨਕ ਅਤਿਵਾਦੀ ਹਮਲਾ ਕਾਇਰਾਨਾ ਕਾਰਵਾਈ ਹੈ। ਗ੍ਰਹਿ ਮੰਤਰੀ ਨੇ ਹਮਲੇ ’ਚ ਲੋਕਾਂ ਦੇ ਮਾਰੇ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦੇ ਪਰਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, ‘‘ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।’’
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਜੰਮੂ-ਕਸ਼ਮੀਰ ਦੇ ਗਾਂਦਰਬਲ ’ਚ ਅਤਿਵਾਦੀ ਹਮਲੇ ’ਚ ਬਿਹਾਰ ਦੇ ਤਿੰਨ ਮਜ਼ਦੂਰਾਂ ਦੀ ਮੌਤ ’ਤੇ ਸੋਗ ਪ੍ਰਗਟਾਇਆ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਨਿਤੀਸ਼ ਕੁਮਾਰ ਨੇ ਨਵੀਂ ਦਿੱਲੀ ਸਥਿਤ ਰੈਜ਼ੀਡੈਂਟ ਕਮਿਸ਼ਨਰ ਨੂੰ ਜੰਮੂ-ਕਸ਼ਮੀਰ ਸਰਕਾਰ ਨਾਲ ਤਾਲਮੇਲ ਕਰਨ ਅਤੇ ਤਿੰਨਾਂ ਦੀਆਂ ਲਾਸ਼ਾਂ ਨੂੰ ਬਿਹਾਰ ਵਿਚ ਉਨ੍ਹਾਂ ਦੇ ਜੱਦੀ ਪਿੰਡਾਂ ਵਿਚ ਲਿਜਾਣ ਲਈ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਦਿਤੇ। ਉਨ੍ਹਾਂ ਕਿਹਾ, ‘‘ਇਹ ਘਟਨਾ ਬਹੁਤ ਦੁਖਦਾਈ ਹੈ ਅਤੇ ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ।’’ ਮੁੱਖ ਮੰਤਰੀ ਨੇ ਅਤਿਵਾਦੀ ਹਮਲੇ ’ਚ ਮਾਰੇ ਗਏ ਬਿਹਾਰ ਦੇ ਤਿੰਨ ਮਜ਼ਦੂਰਾਂ ਦੇ ਵਾਰਸਾਂ ਨੂੰ ਮੁੱਖ ਮੰਤਰੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, ‘‘ਮਜ਼ਦੂਰਾਂ ’ਤੇ ਬੇਰਹਿਮੀ ਅਤੇ ਕਾਇਰਾਨਾ ਹਮਲੇ ਦੀ ਬਹੁਤ ਦੁਖਦਾਈ ਖ਼ਬਰ ਹੈ। ਉਹ ਖੇਤਰ ’ਚ ਇਕ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ’ਤੇ ਕੰਮ ਕਰ ਰਹੇ ਸਨ। ਮੈਂ ਨਿਹੱਥੇ ਨਿਰਦੋਸ਼ ਲੋਕਾਂ ’ਤੇ ਹੋਏ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਉਨ੍ਹਾਂ ਦੇ ਪਿਆਰਿਆਂ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕਰਦਾ ਹਾਂ।’’
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਜ਼ਦੂਰਾਂ ’ਤੇ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਤਿਵਾਦੀਆਂ ਦੀ ਹਿੰਮਤ ਜੰਮੂ-ਕਸ਼ਮੀਰ ’ਚ ਨਿਰਮਾਣ ਦੀ ਲੜੀ ਅਤੇ ਲੋਕਾਂ ਦੇ ਵਿਸ਼ਵਾਸ ਨੂੰ ਕਦੇ ਨਹੀਂ ਤੋੜ ਸਕਦੀ। ਰਾਹੁਲ ਗਾਂਧੀ ਨੇ ਕਿਹਾ, ‘‘ਅਤਿਵਾਦੀਆਂ ਦੀ ਇਹ ਹਿੰਮਤ ਜੰਮੂ-ਕਸ਼ਮੀਰ ’ਚ ਨਿਰਮਾਣ ਦੀ ਪ੍ਰਕਿਰਿਆ ਅਤੇ ਲੋਕਾਂ ਦੇ ਵਿਸ਼ਵਾਸ ਨੂੰ ਕਦੇ ਨਹੀਂ ਤੋੜ ਸਕੇਗੀ ਅਤੇ ਅਤਿਵਾਦ ਵਿਰੁਧ ਇਸ ਲੜਾਈ ’ਚ ਪੂਰਾ ਦੇਸ਼ ਇਕਜੁੱਟ ਹੈ।’’
ਖੜਗੇ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਅਸੀਂ ਜੰਮੂ-ਕਸ਼ਮੀਰ ਦੇ ਗਾਂਦਰਬਲ ’ਚ ਹੋਏ ਕਾਇਰਾਨਾ ਅਤਿਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ, ਜਿਸ ’ਚ ਇਕ ਡਾਕਟਰ ਅਤੇ ਕਈ ਮਜ਼ਦੂਰ ਮਾਰੇ ਗਏ ਹਨ। ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਦੀ ਇਹ ਅਣਮਨੁੱਖੀ ਅਤੇ ਘਿਨਾਉਣੀ ਕਾਰਵਾਈ ਭਾਰਤ ਨੂੰ ਜੰਮੂ-ਕਸ਼ਮੀਰ ’ਚ ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੇ ਨਿਰਮਾਣ ਤੋਂ ਨਹੀਂ ਰੋਕ ਸਕੇਗੀ।’’
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, ‘‘ਜੰਮੂ-ਕਸ਼ਮੀਰ ਦੇ ਗਾਂਦਰਬਲ ’ਚ ਹੋਏ ਕਾਇਰਾਨਾ ਅਤਿਵਾਦੀ ਹਮਲੇ ’ਚ 5 ਮਜ਼ਦੂਰਾਂ ਸਮੇਤ 6 ਨਾਗਰਿਕਾਂ ਦੀ ਮੌਤ ਬਹੁਤ ਨਿੰਦਣਯੋਗ ਹੈ। ਬੇਕਸੂਰ ਨਾਗਰਿਕਾਂ ਨੂੰ ਮਾਰਨਾ ਅਤੇ ਆਮ ਲੋਕਾਂ ’ਚ ਹਿੰਸਾ ਅਤੇ ਦਹਿਸ਼ਤ ਫੈਲਾਉਣਾ ਮਨੁੱਖਤਾ ਵਿਰੁਧ ਅਪਰਾਧ ਹੈ। ਪੂਰਾ ਦੇਸ਼ ਇਸ ਦੇ ਵਿਰੁਧ ਇਕਜੁੱਟ ਹੈ।’’
ਕਸ਼ਮੀਰ ’ਚ ਮੀਰਵਾਇਜ਼ ਉਮਰ ਫਾਰੂਕ ਸਮੇਤ ਹੁਰੀਅਤ ਕਾਨਫਰੰਸ ਦੇ ਕਈ ਨੇਤਾਵਾਂ ਨੇ ਵੀ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ। ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਅਤੇ ਪ੍ਰੋਫੈਸਰ ਗਨੀ ਭੱਟ, ਬਿਲਾਲ ਗਨੀ ਲੋਨ ਅਤੇ ਮਸਰੂਰ ਅੱਬਾਸ ਅੰਸਾਰੀ ਸਮੇਤ ਹੁਰੀਅਤ ਦੇ ਸੀਨੀਅਰ ਮੈਂਬਰ ਗਗਨਗੀਰ ਦੀ ਭਿਆਨਕ ਘਟਨਾ ’ਤੇ ਡੂੰਘੇ ਦੁੱਖ ਅਤੇ ਹਮਦਰਦੀ ਜ਼ਾਹਰ ਕੀਤੀ। ਮੀਰਵਾਇਜ਼ ਨੇ ਜ਼ੋਰ ਦੇ ਕੇ ਕਿਹਾ ਕਿ ਇਸਲਾਮ ਇਸ ਅਣਮਨੁੱਖੀ ਕਾਰਵਾਈ ਦੀ ਸਖਤ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ, ‘‘ਹਰ ਜਾਨ ਕੀਮਤੀ ਹੁੰਦੀ ਹੈ ਅਤੇ ਇਸ ਤਰ੍ਹਾਂ ਦੀ ਜ਼ਿੰਦਗੀ ਗੁਆਉਣਾ ਬਹੁਤ ਦਰਦਨਾਕ ਹੁੰਦਾ ਹੈ।’’
ਮੀਰਵਾਇਜ਼ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਹ ਹਿੰਸਾ ਅਤੇ ਅਨਿਸ਼ਚਿਤਤਾ ਦੇ ਅੰਤਹੀਣ ਚੱਕਰ ਦੀ ਯਾਦ ਦਿਵਾਉਂਦੀ ਹੈ ਜਿਸ ਦਾ ਖੇਤਰ ਦੇ ਲੋਕ ਦਹਾਕਿਆਂ ਤੋਂ ਸਾਹਮਣਾ ਕਰ ਰਹੇ ਹਨ। ਹੁਰੀਅਤ ਚੇਅਰਮੈਨ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਅਤੇ ਪੀੜਤ ਪਰਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ।
ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਨੇਤਾ ਇਲਤਿਜਾ ਮੁਫਤੀ ਨੇ ਕਿਹਾ ਕਿ ਚੋਣਾਂ ਜਾਂ ਕੌਮਾਂਤਰੀ ਮੈਰਾਥਨ ਵਰਗੇ ਵੱਡੇ ਸਮਾਗਮ ਇਸ ਤੱਥ ਨੂੰ ਲੁਕਾ ਨਹੀਂ ਸਕਦੇ ਕਿ ਕਸ਼ਮੀਰ ਵਿਚ ਇਕ ਸਮੱਸਿਆ ਹੈ ਜਿਸ ਨੂੰ ਹੱਲ ਕਰਨ ਲਈ ਅਸਲ ਯਤਨਾਂ ਦੀ ਜ਼ਰੂਰਤ ਹੈ।