
ਕਿਹਾ : ਭਗਵਾਨ ਸ੍ਰੀ ਰਾਮ ਸਾਨੂੰ ਅਨਿਆਂ ਨਾਲ ਲੜਨ ਦਾ ਹੌਸਲਾ ਦਿੰਦੇ ਨੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਮੌਕੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਇਸ ਨੂੰ ਉਨ੍ਹਾਂ ਊਰਜਾ ਅਤੇ ਉਤਸ਼ਾਹ ਨਾਲ ਭਰਿਆ ਤਿਉਹਾਰ ਦੱਸਿਆ। ਦੇਸ਼ ਦੇ ਨਾਮ ਇਕ ਪੱਤਰ ’ਚ ਉਨ੍ਹਾਂ ਕਿਹਾ ਕਿ ਇਹ ਦੀਵਾਲੀ ਅਯੁੱਧਿਆ ’ਚ ਬਣੇ ਰਾਮ ਮੰਦਿਰ ਦੇ ਨਿਰਮਾਣ ਤੋਂ ਬਾਅਦ ਇਹ ਦੂਜਾ ਤਿਉਹਾਰ ਹੈ।
ਪ੍ਰਧਾਨ ਮੰਤਰੀ ਨੇ ਭਗਵਾਨ ਰਾਮ ਦੇ ਜੀਵਨ ਨਾਲ ਜੁੜੀਆਂ ਸਿੱਖਿਆਵਾਂ ਦਾ ਹਵਾਲਾ ਦਿੱਤਾ ਅਤੇ ਅਪ੍ਰੇਸ਼ਨ ਸਿੰਦੂਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਸਾਨੂੰ ਧਰਮ ਦਾ ਪਾਲਣ ਕਰਨਾ ਸਿਖਾਉਂਦੇ ਅਤੇ ਅਨਿਆਂ ਨਾਲ ਲੜਨ ਦਾ ਹੌਸਲਾ ਵੀ ਦਿੰਦੇ ਹਨ। ਇਸ ਦਾ ਜਿਊਂਦਾ-ਜਾਗਦਾ ਉਦਾਹਰਣ ਅਸੀਂ ਕੁੱਝ ਮਹੀਨੇ ਪਹਿਲਾਂ ਦੇਖਿਆ। ਉਨ੍ਹਾਂ ਲਿਖਿਆ ਕਿ ‘ਅਪ੍ਰੇਸ਼ਨ ਸਿੰਦੂਰ’ ਦੇ ਦੌਰਾਨ ਭਾਰਤ ਨੇ ਨਾ ਸਿਰਫ਼ ਧਰਮ ਦੀ ਪਾਲਣਾ ਕੀਤੀ, ਬਲਕਿ ਅਨਿਆਂ ਦਾ ਬਦਲਾ ਵੀ ਲਿਆ।
ਦੀਵਾਲੀ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੀਵੇ ਦੂਰ-ਦੁਰਾਡੇ ਖੇਤਰਾਂ ਸਮੇਤ ਕਈ ਜ਼ਿਲਿ੍ਹਆਂ ਨੂੰ ਵੀ ਰੋਸ਼ਨ ਕਰਨਗੇ ਜਿੱਥੇ ਨਕਸਲਵਾਦ ਅਤੇ ਮਾਓਵਾਦੀ ਅੱਤਵਾਦ ਦਾ ਸਫਾਇਆ ਹੋ ਚੁੱਕਿਆ ਹੈ। ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਵਿਅਕਤੀਆਂ ਦੀ ਸ਼ਲਾਘਾ ਵੀ ਕੀਤੀ ਜਿਹੜੇ ਹਿੰਸਾ ਦਾ ਰਸਤਾ ਛੱਡ ਕੇ ਮੁੱਖ ਧਾਰਾ ਵਿਚ ਸ਼ਾਮਲ ਹੋਣ, ਨਕਸਲਵਾਦ ਨੂੰ ਤਿਆਗਣ ਅਤੇ ਸੰਵਿਧਾਨ ਨੂੰ ਅਪਨਾਉਣ ਦਾ ਫ਼ੈਸਲਾ ਕੀਤਾ ਅਤੇ ਉਨ੍ਹਾਂ ਇਸ ਨੂੰ ਭਾਰਤ ਦੀ ਇਕ ਵੱਡੀ ਉਪਲਬਧੀ ਦੱਸਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰ ’ਚ ਲਿਖਿਆ ਕਿ ਇਹ ਦੀਵਾਲੀ ਇਸ ਲਈ ਖਾਸ ਹੈ ਕਿਉਂਕਿ ਪਹਿਲੀ ਵਾਰ ਦੇਸ਼ ਭਰ ਦੇ ਕਈ ਜ਼ਿਲਿ੍ਹਆਂ ’ਚ, ਜਿਨ੍ਰਾਂ ’ਚ ਦੂਰ-ਦੁਰਾਡੇ ਦੇ ਇਲਾਕੇ ਵੀ ਸ਼ਾਮਲ ਹਨ, ਜਿੱਥੇ ਦੀਵੇ ਜਗਾਏ ਜਾਣਗੇ। ਇਹ ਉਹ ਜ਼ਿਲ੍ਹੇ ਹਨ ਜਿੱਥੇ ਨਕਸਲਵਾਦ ਅਤੇ ਮਾਓਵਾਦੀ ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਗਿਆ ਹੈ।