
ਮਲਿਕ ਐਤਵਾਰ ਨੂੰ ਜੈਪੁਰ 'ਚ ਰਾਜਸਥਾਨ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਜੈਪੁਰ: ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਝਣਾ ਚਾਹੀਦਾ ਹੈ ਕਿ ਸੱਤਾ ਸਥਾਈ ਨਹੀਂ ਹੁੰਦੀ, ਇਹ ਆਉਂਦੀ ਅਤੇ ਜਾਂਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਫ਼ੌਜ ਦੀ ਭਰਤੀ ਲਈ 'ਅਗਨੀਪਥ' ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਨਾਲ ਫੌਜ ਕਮਜ਼ੋਰ ਹੋਵੇਗੀ ਅਤੇ ਤਿੰਨ ਸਾਲ ਦੀ ਨੌਕਰੀ ਕਰਨ ਵਾਲੇ ਸਿਪਾਹੀ 'ਚ ਕੁਰਬਾਨੀ ਦੀ ਭਾਵਨਾ ਨਹੀਂ ਰਹੇਗੀ।
ਮਲਿਕ ਐਤਵਾਰ ਨੂੰ ਜੈਪੁਰ 'ਚ ਰਾਜਸਥਾਨ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ, ''ਦੇਸ਼ 'ਚ ਕਈ ਤਰ੍ਹਾਂ ਦੀਆਂ ਲੜਾਈਆਂ ਸ਼ੁਰੂ ਹੋਣ ਜਾ ਰਹੀਆਂ ਹਨ। ਕਿਸਾਨ ਫਿਰ ਤੋਂ ਪ੍ਰਦਰਸ਼ਨ ਕਰਨਗੇ ਤਾਂ ਨੌਜਵਾਨ ਵੀ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹਣਗੇ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਕਿਹਾ,''ਮੋਦੀ ਜੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੱਤਾ ਅਤੇ ਤਾਕਤ ਆਉਂਦੀ-ਜਾਂਦੀ ਰਹਿੰਦੀ ਹੈ। ਇੰਦਰਾ ਗਾਂਧੀ ਦੀ ਸੱਤਾ ਵੀ ਚਲੀ ਗਈ ਜਦਕਿ ਲੋਕ ਕਹਿੰਦੇ ਸਨ ਕਿ ਉਹਨਾਂ ਨੂੰ ਕੋਈ ਨਹੀਂ ਹਟਾ ਸਕਦਾ। ਇਕ ਦਿਨ ਤੁਸੀਂ ਵੀ ਚਲੇ ਜਾਓਗੇ, ਇਸ ਲਈ ਸਥਿਤੀ ਨੂੰ ਇੰਨਾ ਨਾ ਵਿਗਾੜੋ ਕਿ ਸੁਧਾਰਿਆ ਨਾ ਜਾ ਸਕੇ”।
'ਅਗਨੀਪਥ ਯੋਜਨਾ' 'ਤੇ ਉਹਨਾਂ ਕਿਹਾ ਕਿ ਜੋ ਕੁਰਬਾਨੀ ਦਾ ਜਜ਼ਬਾ ਇਕ ਜਵਾਨ 'ਚ ਹੁੰਦਾ ਹੈ, ਉਹ ਤਿੰਨ ਸਾਲ ਤੱਕ ਭਰਤੀ ਹੋਣ ਵਾਲੇ ਜਵਾਨ 'ਚ ਨਹੀਂ ਹੋਵੇਗਾ। ਉਹਨਾਂ ਕਿਹਾ, 'ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਬ੍ਰਹਮੋਸ ਅਤੇ ਹੋਰ ਮਿਜ਼ਾਈਲਾਂ ਅਤੇ ਹਥਿਆਰਾਂ ਨੂੰ ਛੂਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ... ਇਸ ਲਈ ਉਹ ਫੌਜ ਨੂੰ ਵੀ ਬਰਬਾਦ ਕਰ ਰਹੇ ਹਨ।'