
3 ਮਾਸੂਮਾਂ ਸਮੇਤ ਮਾਂ-ਬਾਪ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਖ਼ਦਸ਼ਾ
ਘਰ ਵਿੱਚੋਂ ਮਿਲੀਆਂ ਇੱਕੋ ਪਰਿਵਾਰ ਦੇ 6 ਜੀਆਂ ਦੀਆਂ ਲਾਸ਼ਾਂ
ਉਦੈਪੁਰ: ਇਥੋਂ ਦੇ ਗੋਗੁੰਦਾ ਇਲਾਕੇ ਵਿਚ ਸੋਮਵਾਰ ਨੂੰ ਇੱਕੋ ਪਰਿਵਾਰ ਦੇ 6 ਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਘਰ ਦੇ ਇੱਕ ਕਮਰੇ ਵਿੱਚੋਂ ਚਾਰ ਮਾਸੂਮਾਂ ਸਮੇਤ ਪਤੀ-ਪਤਨੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਮਾਮਲਾ ਥਾਣਾ ਖੇਤਰ ਦੇ ਝਰੋਲੀ ਦੇ ਗੋਲ ਨੇਦੀ ਪਿੰਡ ਦਾ ਹੈ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਗੋਗੁੰਦਾ ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਜਦੋਂ ਘਰ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸਭ ਹੈਰਾਨ ਰਹਿ ਗਏ ਕਿਉਕਿ ਸਾਰੇ ਕਮਰੇ ਵਿਚ ਲਾਸ਼ਾਂ ਪਈਆਂ ਸਨ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਮੌਕੇ 'ਤੇ ਫੋਰੈਂਸਿਕ ਟੀਮਾਂ ਅਤੇ ਡਾਗ ਸਕੁਐਡ ਨੂੰ ਵੀ ਬੁਲਾਇਆ ਗਿਆ ਅਤੇ ਘਰ ਦੀ ਤਲਾਸ਼ੀ ਲਈ ਗਈ।
ਮ੍ਰਿਤਕਾਂ ਦੀ ਪਛਾਣ ਪ੍ਰਕਾਸ਼ (40) ਪਿਤਾ ਸੋਹਨ ਅਤੇ ਦੁਰਗਾ (35) ਪਤਨੀ ਪ੍ਰਕਾਸ਼ ਵਜੋਂ ਹੋਈ ਹੈ। ਪ੍ਰਕਾਸ਼ ਦੇ ਘਰ ਦੇ ਬਾਹਰ ਕੱਚਾ ਵਰਾਂਡਾ ਹੈ। ਸਾਰੇ ਜੀਆਂ ਦੀਆਂ ਲਾਸ਼ਾਂ ਇਸ ਦੇ ਅੰਦਰਲੇ ਕਮਰੇ ਵਿੱਚੋਂ ਮਿਲੀਆਂ। ਪ੍ਰਕਾਸ਼ ਦਾ ਘਰ ਉਸ ਦੇ ਛੋਟੇ ਭਰਾ ਦੁਰਗਾਰਾਮ ਦੇ ਘਰ ਦੇ ਬਿਲਕੁਲ ਸਾਹਮਣੇ ਹੈ। ਜਦੋਂ ਸਵੇਰੇ ਸਾਢੇ ਅੱਠ ਵਜੇ ਤੱਕ ਘਰ ਦਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਭਰਾ ਨੂੰ ਸ਼ੱਕ ਹੋਇਆ। ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਲਾਸ਼ਾਂ ਪਈਆਂ ਸਨ। ਤਿੰਨ ਬੱਚੇ ਗਣੇਸ਼ (5 ਸਾਲ), ਪੁਸ਼ਕਰ (4 ਸਾਲ), ਰੌਸ਼ਨ (2 ਸਾਲ) ਫਾਹੇ ਨਾਲ ਲਟਕਦੇ ਮਿਲੇ ਹਨ। ਉਸੇ ਸਮੇਂ, ਔਰਤ ਆਪਣੇ ਚਾਰ ਮਹੀਨੇ ਦੇ ਬੱਚੇ ਨਾਲ ਬੈੱਡ 'ਤੇ ਮ੍ਰਿਤਕ ਪਾਈ ਗਈ।
ਜਾਣਕਾਰੀ ਮੁਤਾਬਕ ਪ੍ਰਕਾਸ਼ ਤਿੰਨ ਮਹੀਨੇ ਪਹਿਲਾਂ ਹੀ ਗੁਜਰਾਤ ਦੇ ਸੂਰਤ ਤੋਂ ਵਾਪਸ ਆਇਆ ਸੀ। ਉਹ ਉੱਥੇ ਰਸੋਈ ਵਿੱਚ ਸਫ਼ਾਈ ਦਾ ਕੰਮ ਕਰਦਾ ਸੀ। ਪ੍ਰਕਾਸ਼ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਇਸ ਕਾਰਨ ਉਹ ਕੰਮ 'ਤੇ ਵਾਪਸ ਨਹੀਂ ਆਇਆ। ਪੁਲਿਸ ਨੂੰ ਸ਼ੱਕ ਹੈ ਕਿ ਆਰਥਿਕ ਤੰਗੀ ਕਾਰਨ ਪ੍ਰਕਾਸ਼ ਨੇ ਬੱਚਿਆਂ ਨੂੰ ਫਾਹਾ ਲਗਾ ਲਿਆ ਅਤੇ ਫਿਰ ਪਤਨੀ ਸਮੇਤ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ।