
ਬਚਾਅ ਮੁਹਿੰਮ ਨਾਲ ਸਬੰਧਤ ਵੀਡੀਓ ਫੁਟੇਜ ਅਤੇ ਹੋਰ ਤਸਵੀਰਾਂ ਦੇ ਪ੍ਰਸਾਰਣ ਦਾ ਵੀ ਚੱਲ ਰਹੇ ਆਪਰੇਸ਼ਨ 'ਤੇ ਮਾੜਾ ਅਸਰ ਪੈ ਸਕਦਾ ਹੈ।
Uttarkashi Tunnel Collapse - ਸਰਕਾਰ ਨੇ ਮੰਗਲਵਾਰ ਨੂੰ ਨਿੱਜੀ ਟੈਲੀਵਿਜ਼ਨ ਚੈਨਲਾਂ ਨੂੰ ਇਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਉਹ ਉਤਰਾਖੰਡ ਵਿਚ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਦੇ ਬਚਾਅ ਕਾਰਜ ਨਾਲ ਜੁੜੀਆਂ ਖਬਰਾਂ ਨੂੰ ਸਨਸਨੀਖੇਜ਼ ਬਣਾਉਣ ਤੋਂ ਬਚਣ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਵਿਚ ਨਿੱਜੀ ਨਿਊਜ਼ ਚੈਨਲਾਂ ਨੂੰ ਆਪਣੀਆਂ ਖ਼ਬਰਾਂ, ਖ਼ਾਸ ਕਰਕੇ ਬਚਾਅ ਕਾਰਜਾਂ ਨਾਲ ਸਬੰਧਤ ਖ਼ਬਰਾਂ ਦੀਆਂ ਸੁਰਖੀਆਂ ਅਤੇ ਵੀਡੀਓਜ਼ ਨੂੰ ਪ੍ਰਸਾਰਿਤ ਕਰਦੇ ਸਮੇਂ ਸੰਵੇਦਨਸ਼ੀਲ ਹੋਣ ਲਈ ਕਿਹਾ ਗਿਆ ਹੈ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਖ਼ਬਰਾਂ ਦਾ ਸੁਰੰਗ 'ਚ ਫਸੇ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਦੀ ਮਨੋਵਿਗਿਆਨਕ ਸਥਿਤੀ 'ਤੇ ਮਾੜਾ ਅਸਰ ਪੈ ਸਕਦਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਬਚਾਅ ਮੁਹਿੰਮ ਨਾਲ ਸਬੰਧਤ ਵੀਡੀਓ ਫੁਟੇਜ ਅਤੇ ਹੋਰ ਤਸਵੀਰਾਂ ਦੇ ਪ੍ਰਸਾਰਣ ਦਾ ਵੀ ਚੱਲ ਰਹੇ ਆਪਰੇਸ਼ਨ 'ਤੇ ਮਾੜਾ ਅਸਰ ਪੈ ਸਕਦਾ ਹੈ। ਐਡਵਾਈਜ਼ਰੀ ਵਿਚ, ਟੀਵੀ ਚੈਨਲਾਂ ਨੂੰ ਇਸ ਮੁੱਦੇ ਨੂੰ ਸਨਸਨੀਖੇਜ਼ ਬਣਾਉਣ ਅਤੇ ਸੁਰੰਗ ਦੇ ਆਲੇ-ਦੁਆਲੇ ਚੱਲ ਰਹੇ ਬਚਾਅ ਕਾਰਜਾਂ ਦਾ ਸਿੱਧਾ ਪ੍ਰਸਾਰਣ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।
ਐਡਵਾਇਜ਼ਰੀ ਵਿਚ ਨਿਊਜ਼ ਚੈਨਲਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੈਮਰਾਮੈਨ, ਰਿਪੋਰਟਰਾਂ ਜਾਂ ਵੱਖ-ਵੱਖ ਉਪਕਰਨਾਂ ਦੀ ਮੌਜੂਦਗੀ ਨਾਲ ਬਚਾਅ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ।