
ਚੋਰ ਘਰ ਵਾਲਿਆਂ ਦੇ ਸੌਣ ਦਾ ਇੰਤਜ਼ਾਰ ਕਰਦਾ -ਕਰਦਾ ਸੌਂ ਗਿਆ
Viral News - ਆਮ ਤੌਰ 'ਤੇ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਚੋਰ ਅਤੇ ਲੁਟੇਰੇ ਦੇ ਹੱਥ ਜੋ ਵੀ ਲੱਗਦਾ ਹੈ ਉਹ ਲੈ ਕੇ ਫਰਾਰ ਹੋ ਜਾਂਦੇ ਹਨ। ਕੋਈ ਵੀ ਅਜਿਹੀ ਜਗ੍ਹਾ 'ਤੇ ਜ਼ਿਆਦਾ ਸਮਾਂ ਨਹੀਂ ਠਹਿਰਦੇ ਜਿੱਥੇ ਫੜੇ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਰ ਕਈ ਚੋਰ ਕੁੱਝ ਹੋਰ ਕਿਸਮ ਦੇ ਹੁੰਦੇ ਹਨ,ਜੋ ਆਰਾਮ ਨਾਲ ਕਿਸੇ ਹੋਰ ਦੇ ਘਰ ਨੂੰ ਆਪਣਾ ਸਮਝਦੇ ਹਨ ਅਤੇ ਕਈ ਵਾਰ ਤਾਂ ਖਾ-ਪੀ ਕੇ ਸੌਂ ਵੀ ਜਾਂਦੇ ਹਨ।
ਚੀਨ ਵਿਚ ਇੱਕ ਚੋਰ ਨੇ ਕਮਾਲ ਕਰ ਦਿੱਤਾ ਜਦੋਂ ਉਹ ਇਹ ਭੁੱਲ ਗਿਆ ਕਿ ਉਙ ਘਰ ਵਿਚ ਚੋਰੀ ਕਰਨ ਆਇਆ ਹੈ। ਚੋਰ ਅਕਸਰ ਲੋਕਾਂ ਦੇ ਸੌਣ ਤੋਂ ਬਾਅਦ ਚੋਰੀ-ਛਿਪੇ ਘਰ ਵਿਚ ਦਾਖਲ ਹੋ ਜਾਂਦੇ ਹਨ ਅਤੇ ਘਰ ਵਿਚੋਂ ਕੀਮਤੀ ਸਮਾਨ ਚੋਰੀ ਕਰ ਲੈਂਦੇ ਹਨ। ਇਹ ਚੋਰ ਇੰਨਾ ਆਲਸੀ ਨਿਕਲਿਆ ਕਿ ਆਪਣੇ ਕੰਮ ਦੇ ਵਿਚਕਾਰ ਹੀ ਸੌਂ ਗਿਆ। ਇਹ ਕਹਾਣੀ ਬਹੁਤ ਹੀ ਦਿਲਚਸਪ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਲੋਕ ਖੂਬ ਮਸਤੀ ਨਾਲ ਦੇਖ ਰਹੇ ਹਨ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਚੀਨ ਤੋਂ ਇੱਕ ਚੋਰ ਚੋਰੀ ਲਈ ਯੂਨਾਨ ਸੂਬੇ ਪਹੁੰਚਿਆ ਸੀ। ਇਹ ਘਟਨਾ 8 ਨਵੰਬਰ ਦੀ ਹੈ। ਜਦੋਂ ਚੋਰ ਘਰ ਅੰਦਰ ਵੜਿਆ ਤਾਂ ਉਸ ਨੂੰ ਲੋਕਾਂ ਦੀਆਂ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦਿੱਤੀ। ਅਜਿਹੇ 'ਚ ਉਸ ਨੇ ਉੱਥੋਂ ਜਾਣ ਦੀ ਬਜਾਏ ਲੁਕ-ਛਿਪ ਕੇ ਇੰਤਜ਼ਾਰ ਕਰਨਾ ਬਿਹਤਰ ਸਮਝਿਆ ਤਾਂ ਕਿ ਪਰਿਵਾਰ ਵਾਲੇ ਸੌਂ ਜਾਣ ਅਤੇ ਉਹ ਆਪਣਾ ਕੰਮ ਪੂਰਾ ਕਰ ਸਕੇ। ਇਸ ਦੌਰਾਨ ਉਸ ਨੇ ਇੱਕ ਸਿਗਰਟ ਵੀ ਪੀ ਲਈ ਅਤੇ ਘਰ ਦੇ ਮਾਲਕਾਂ ਦੇ ਸੌਣ ਤੋਂ ਪਹਿਲਾਂ ਹੀ ਸੌਂ ਗਿਆ।
ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਦੇ ਘੁਰਾੜਿਆਂ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਜਾਣਨਾ ਚਾਹਿਆ ਕਿ ਘਰਾੜੇ ਕਿੱਥੋਂ ਆ ਰਹੇ ਹਨ। ਪਹਿਲਾਂ ਤਾਂ ਘਰ ਦੀ ਮਾਲਕਣ ਇਹ ਸੋਚ ਕੇ ਸੌਂ ਗਈ ਕਿ ਇਹ ਗੁਆਂਢੀ ਦੀ ਆਵਾਜ਼ ਹੈ, ਪਰ 40 ਮਿੰਟ ਬਾਅਦ ਜਦੋਂ ਉਹ ਬੱਚੇ ਦੀ ਦੁੱਧ ਦੀ ਬੋਤਲ ਸਾਫ਼ ਕਰਨ ਆਈ ਤਾਂ ਘੁਰਾੜੇ ਹੋਰ ਤੇਜ਼ ਹੋ ਗਏ ਸਨ।
ਜਦੋਂ ਔਰਤ ਨੇ ਆਪਣੇ ਦੂਜੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਉੱਥੇ ਇੱਕ ਅਜਨਬੀ ਨੂੰ ਸੁੱਤਾ ਦੇਖਿਆ। ਉਸ ਨੇ ਭੱਜ ਕੇ ਇਸ ਬਾਰੇ ਹੋਰਾਂ ਨੂੰ ਦੱਸਿਆ ਅਤੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਬੁਲਾਇਆ। ਕਲਪਨਾ ਕਰੋ ਕਿ ਚੋਰ ਇੰਨੀ ਗੂੜ੍ਹੀ ਨੀਂਦ ਵਿੱਚ ਸੀ ਕਿ ਉਹ ਉਦੋਂ ਤੱਕ ਨਹੀਂ ਜਾਗਿਆ ਜਦੋਂ ਤੱਕ ਪੁਲਿਸ ਨਹੀਂ ਪਹੁੰਚੀ ਅਤੇ ਉਸਨੂੰ ਫੜ ਲਿਆ ਗਿਆ। ਬਾਅਦ ਵਿਚ ਪਤਾ ਲੱਗਿਆ ਕਿ ਉਹ ਇੱਕ ਪੇਸ਼ੇਵਰ ਚੋਰ ਸੀ ਅਤੇ ਜੇਲ੍ਹ ਵਿੱਚ ਵੀ ਰਹਿ ਚੁੱਕਾ ਹੈ। ਜਿਸ ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗਾ ਉਹ ਚੋਰ ਦਾ ਮਜ਼ਾਕ ਉਡਾ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਉਹ ਓਵਰਟਾਈਮ ਕਰਕੇ ਥੱਕਿਆ ਹੋ ਸਕਦਾ ਹੈ।
(For more news apart from Viral News, stay tuned to Rozana Spokesman)