
ਇਹ ਕਹਾਣੀ ਦਸੰਬਰ 1959 ਤੋਂ ਸ਼ੁਰੂ ਹੁੰਦੀ ਹੈ। ਇਸ ਦਿਨ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਝਾਰਖੰਡ ਦੇ ਧਨਬਾਦ ਜ਼ਿਲ੍ਹੇ (ਉਸ ਵੇਲੇ ਬਿਹਾਰ ’ਚ) ਪਹੁੰਚੇ ਸਨ।
Budhni Manjhiyain: ਧਨਬਾਦ: ਝਾਰਖੰਡ ਵਾਸੀ ਬੁਧਨੀ ਮਾਂਝੀਆਂ ਦੀ 80 ਸਾਲਾਂ ਦੀ ਉਮਰ ’ਚ ਪਿਛਲੇ ਦਿਨੀਂ ਮੌਤ ਹੋ ਗਈ। ਉਹ ਕੋਈ ਆਮ ਔਰਤ ਨਹੀਂ ਸੀ। ਜਦੋਂ ਉਹ 16 ਸਾਲਾਂ ਦੀ ਸੀ ਤਾਂ 1959 ’ਚ ਵਾਪਰੀ ਇਕ ਘਟਨਾ ਨੇ ਉਸ ਦੀ ਜ਼ਿੰਦਗੀ ਬਦਲ ਕੇ ਰਖ ਦਿਤੀ ਅਤੇ ਉਸ ਨੂੰ ਸਾਰੀ ਉਮਰ ਬੇਇੱਜ਼ਤੀ ਦਾ ਸੰਤਾਪ ਝਲਣਾ ਪਿਆ ਸੀ। ਪਰ ਹੁਣ ਉਸ ਦੀ ਯਾਦਗਾਰ ਬਣਾਉਣ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ।
ਕਿੰਝ ਬਣੀ ਜਵਾਹਰ ਲਾਲ ਨਹਿਰੂ ਦੀ ‘ਆਦੀਵਾਸੀ ਪਤਨੀ’
ਇਹ ਕਹਾਣੀ ਦਸੰਬਰ 1959 ਤੋਂ ਸ਼ੁਰੂ ਹੁੰਦੀ ਹੈ। ਇਸ ਦਿਨ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਝਾਰਖੰਡ ਦੇ ਧਨਬਾਦ ਜ਼ਿਲ੍ਹੇ (ਉਸ ਵੇਲੇ ਬਿਹਾਰ ’ਚ) ਪਹੁੰਚੇ ਸਨ। ਉਹ ਇੱਥੇ ਦਾਮੋਦਰ ਵੈਲੀ ਕਾਰਪੋਰੇਸ਼ਨ ਵਲੋਂ ਬਣਾਏ ਗਏ ਪੰਚੇਟ ਡੈਮ ਅਤੇ ਹਾਈਡਲ ਪਾਵਰ ਪਲਾਂਟ ਦਾ ਉਦਘਾਟਨ ਕਰਨ ਆਏ ਸਨ। ਆਦਿਵਾਸੀ ਪਹਿਰਾਵੇ ਅਤੇ ਗਹਿਣਿਆਂ ’ਚ ਸਜੀ ਬੁਧਨੀ ਵੀ ਉਦਘਾਟਨ ਸਥਾਨ ’ਤੇ ਪਹੁੰਚੀ ਸੀ।
ਦਰਅਸਲ ਉਹ ਇੱਥੇ ਕੰਮ ਕਰਦੀ ਸੀ ਅਤੇ ਉਸ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਾ ਸੀ। ਬੁਧਨੀ ਉਸ ਸਮੇਂ ਸਿਰਫ਼ 16 ਸਾਲ ਦੀ ਸੀ ਅਤੇ ਇਹ ਤੈਅ ਕੀਤਾ ਗਿਆ ਸੀ ਕਿ ਪੰਡਿਤ ਨਹਿਰੂ ਦਾ ਸਵਾਗਤ ਝਾਰਖੰਡ ਦੇ ਸੰਥਾਲੀ ਆਦਿਵਾਸੀ ਭਾਈਚਾਰੇ ਦੀ ਬੁਧਨੀ ਵਲੋਂ ਕੀਤਾ ਜਾਵੇਗਾ। ਪਰ ਇੱਥੇ ਕੁਝ ਅਜਿਹਾ ਹੋਇਆ ਜਿਸ ਨੇ ਉਸ ਦੀ ਜ਼ਿੰਦਗੀ ਬਦਲ ਦਿਤੀ।
ਜਵਾਹਰ ਲਾਲ ਨਹਿਰੂ ਜਦੋਂ ਇੱਥੇ ਪੁੱਜੇ ਤਾਂ ਬੁਧਨੀ ਮਾਂਝੀ ਨੇ ਉਨ੍ਹਾਂ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ। ਚੰਦਨ ਦਾ ਤਿਲਕ ਲਗਾਇਆ, ਆਰਤੀ ਕੀਤੀ ਅਤੇ ਫੁੱਲਾਂ ਦੇ ਹਾਰ ਚੜ੍ਹਾਏ। ਉਸੇ ਸਮੇਂ ਪੰਡਿਤ ਨਹਿਰੂ ਨੇ ਇਸ ਕਬਾਇਲੀ ਲੜਕੀ ਦੇ ਸਨਮਾਨ ’ਚ ਅਪਣੇ ਗਲੇ ’ਚ ਪਹਿਨੀ ਮਾਲਾ ਲਾਹ ਕੇ ਉਸ ਦੇ ਗਲੇ ’ਚ ਪਾ ਦਿਤੀ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨੇ ਬੁਧਨੀ ਦੇ ਹਥੋਂ ਬਟਨ ਦਬਾ ਕੇ ਪਣ-ਬਿਜਲੀ ਪਲਾਂਟ ਦਾ ਉਦਘਾਟਨ ਵੀ ਕੀਤਾ।
ਪਰ ਉਸ ਸਮੇਂ ਬੁਧਨੀ ਨੂੰ ਇਹ ਨਹੀਂ ਪਤਾ ਸੀ ਕਿ ਇਹ ਪਲ ਕੁ ਦੀ ਖੁਸ਼ੀ ਉਸ ਦੀ ਪੂਰੀ ਜ਼ਿੰਦਗੀ ਤਬਾਹ ਕਰ ਦੇਵੇਗੀ। ਅਸਲ ’ਚ ਉਸ ਸਮੇਂ ਤਕ ਸੰਥਾਲ ਆਦਿਵਾਸੀ ਸਮਾਜ ’ਚ ਇਹ ਪਰੰਪਰਾ ਸੀ ਕਿ ਜੇਕਰ ਲੜਕਾ ਅਤੇ ਲੜਕੀ ਇਕ ਦੂਜੇ ਨੂੰ ਮਾਲਾ ਪਾਉਂਦੇ ਹਨ ਤਾਂ ਉਨ੍ਹਾਂ ਦਾ ਵਿਆਹ ਹੋ ਜਾਂਦਾ ਹੈ। ਇਸੇ ਲਈ ਇੱਥੇ ਕੋਈ ਵੀ ਲੜਕਾ, ਲੜਕੀ ਜਾਂ ਮਰਦ ਜਾਂ ਔਰਤ ਇਕ-ਦੂਜੇ ਨੂੰ ਮਾਲਾ ਨਹੀਂ ਪਹਿਨਾਉਂਦੇ। ਪਰ ਲਗਦਾ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਨਹਿਰੂ ਇਸ ਰਿਵਾਜ ਤੋਂ ਅਨਜਾਣ ਸਨ। ਇਸ ਰਵਾਇਤ ਕਾਰਨ ਹੀ 16 ਸਾਲ ਦੀ ਬੁਧਨੀ ਦੀ ਜ਼ਿੰਦਗੀ ਮੁਸੀਬਤ ’ਚ ਫਸ ਗਈ।
ਜਿਵੇਂ ਹੀ ਉਹ ਪੰਡਿਤ ਨਹਿਰੂ ਦੇ ਹਾਰ ਪਹਿਨਾਉਣ ਤੋਂ ਬਾਅਦ ਵਾਪਸ ਆਈ, ਉਸ ਦੇ ਭਾਈਚਾਰੇ ਨੇ ਕਿਹਾ ਕਿ ਇਕ-ਦੂਜੇ ਨੂੰ ਮਾਲਾ ਪਹਿਨਾਉਣ ਕਾਰਨ ਬੁਧਨੀ ਨੂੰ ਪੰਡਿਤ ਨਹਿਰੂ ਦੀ ਪਤਨੀ ਮੰਨਿਆ ਜਾਵੇਗਾ ਅਤੇ ਸਾਰੀ ਉਮਰ ਉਨ੍ਹਾਂ ਦੀ ਪਤਨੀ ਹੀ ਕਿਹਾ ਜਾਵੇਗਾ। ਇਸ ਦੇ ਨਾਲ ਹੀ ਉਸ ਦਾ ਸੰਥਾਲ ਭਾਈਚਾਰੇ ਨਾਲ ਕੋਈ ਸਬੰਧ ਨਹੀਂ ਰਹੇਗਾ। ਬਾਅਦ ’ਚ ਉਸ ਦਾ ਜੱਦੀ ਪਿੰਡ ਵੀ ਬੰਨ੍ਹ ਦੇ ਡੁੱਬਣ ਵਾਲੇ ਖੇਤਰ ’ਚ ਆ ਗਿਆ ਅਤੇ ਉਸ ਦਾ ਪਰਿਵਾਰ ਉਜਾੜ ਕੇ ਕਿਸੇ ਹੋਰ ਥਾਂ ਆ ਕੇ ਵੱਸ ਗਿਆ।
ਸਾਰੀ ਜ਼ਿੰਦਗੀ ਝਲਣਾ ਪਿਆ ਬੇਇੱਜ਼ਤੀ ਦਾ ਸੰਤਾਪ
ਬੁਧਨੀ ਨੂੰ ਡੀ.ਵੀ.ਸੀ. ’ਚ ਮਜ਼ਦੂਰ ਵਜੋਂ ਨੌਕਰੀ ਮਿਲੀ ਪਰ 1962 ’ਚ ਨੌਕਰੀ ਤੋਂ ਕੱਢ ਦਿਤਾ ਗਿਆ। ਕਿਹਾ ਜਾਂਦਾ ਹੈ ਕਿ ਆਦਿਵਾਸੀ ਸਮਾਜ ਦੇ ਵਿਰੋਧ ਕਾਰਨ ਉਸ ਨੂੰ ਨੌਕਰੀ ਤੋਂ ਹੱਥ ਧੋਣੇ ਪਏ। ਇਸ ਤੋਂ ਬਾਅਦ ਉਹ ਕੰਮ ਦੀ ਭਾਲ ’ਚ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਦੇ ਸਲਟੋਰ ਪਹੁੰਚੀ। ਉੱਥੇ ਕੁਝ ਦੇਰ ਬਾਅਦ ਉਸ ਦੀ ਮੁਲਾਕਾਤ ਸੁਧੀਰ ਦੱਤਾ ਨਾਂ ਦੇ ਵਿਅਕਤੀ ਨਾਲ ਹੋਈ ਅਤੇ ਉਨ੍ਹਾਂ ਨੂੰ ਪਿਆਰ ਹੋ ਗਿਆ। ਉਹ ਪਤੀ-ਪਤਨੀ ਵਾਂਗ ਇਕੱਠੇ ਰਹਿਣ ਲੱਗੇ, ਪਰ ਰਸਮੀ ਤੌਰ ’ਤੇ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਸੀ। ਸਮਾਜ ਦੇ ਡਰ ਕਾਰਨ ਦੋਵਾਂ ਨੇ ਕਦੇ ਵੀ ਰਵਾਇਤੀ ਤਰੀਕੇ ਨਾਲ ਵਿਆਹ ਕਰਨ ਦੀ ਹਿੰਮਤ ਨਹੀਂ ਕੀਤੀ। ਦੋਹਾਂ ਦੀ ਇਕ ਬੇਟੀ ਵੀ ਸੀ ਜਿਸ ਦਾ ਨਾਂ ਰਤਨਾ ਹੈ ਅਤੇ ਹੁਣ ਉਹ ਵਿਆਹੀ ਹੋਈ ਹੈ।
ਮੌਤ ਮਗਰੋਂ ਤਾਂ ਸਨਮਾਨ ਦੇਣ ਦੀ ਉੱਠੀ ਮੰਗ
ਬੀਤੇ ਸ਼ੁਕਰਵਾਰ ਬੁਧਨੀ ਮਾਂਝੀਆ ਦਾ 80 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਬੇਟੀ ਰਤਨਾ ਉਨ੍ਹਾਂ ਦੇ ਆਖਰੀ ਪਲਾਂ ਦੌਰਾਨ ਉਨ੍ਹਾਂ ਦੇ ਨਾਲ ਸੀ। ਇਸ ਮੌਕੇ ਸਥਾਨਕ ਆਗੂਆਂ ਤੇ ਅਧਿਕਾਰੀਆਂ ਸਮੇਤ ਸੈਂਕੜੇ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪੁੱਜੇ। ਇਸ ਮੌਕੇ ਹਾਜ਼ਰ ਲੋਕਾਂ ਨੇ ਸਥਾਨਕ ਪਾਰਕ ’ਚ ਸਥਾਪਤ ਪੰਡਿਤ ਨਹਿਰੂ ਦੇ ਬੁੱਤ ਦੇ ਅੱਗੇ ਬੁਧਨੀ ਮਾਂਝੀਆਂ ਦਾ ਬੁੱਤ ਲਗਾਉਣ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਬੁਧਨੀ ਜਿਸ ਨੂੰ ਪੰਡਿਤ ਨਹਿਰੂ ਦੀ ‘ਆਦੀਵਾਸੀ ਪਤਨੀ’ ਕਿਹਾ ਜਾਂਦਾ ਸੀ ਅਤੇ ਉਸ ਘਟਨਾ ਤੋਂ ਬਾਅਦ ਸਾਰੀ ਉਮਰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਜਾਣੇ-ਅਣਜਾਣੇ ਵਿਚ ਨਿਸ਼ਚਿਤ ਤੌਰ ’ਤੇ ਇੰਨਾ ਸਨਮਾਨ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਬੇਟੀ ਰਤਨਾ ਨੂੰ ਪੈਨਸ਼ਨ ਦੇਣ ਦੀ ਮੰਗ ਵੀ ਚੁੱਕੀ ਗਈ ਹੈ।