
ਆਨਲਾਈਨ ਕਰੇਗੀ ਬਾਕੀ ਰਹਿੰਦੀ ਪੜ੍ਹਾਈ
ਪੁਣੇ - ਯਸ਼ੋਧਰਾ ਸ਼ਿੰਦੇ (21) ਡਾਕਟਰ ਬਣਨਾ ਚਾਹੁੰਦੀ ਸੀ ਅਤੇ ਜਾਰਜੀਆ ਵਿਖੇ ਡਾਕਟਰੀ ਦੀ ਪੜ੍ਹਾਈ ਵੀ ਕਰ ਰਹੀ ਸੀ, ਪਰ ਕਿਸਮਤ ਨੂੰ ਉਸ ਲਈ ਕੁਝ ਹੋਰ ਮਨਜ਼ੂਰ ਸੀ ਕਿਉਂਕਿ ਉਹ ਮਹਾਰਾਸ਼ਟਰ ਵਿੱਚ ਆਪਣੇ ਪਿੰਡ ਵਾਪਸ ਆਈ, ਸਰਪੰਚ ਦੀ ਚੋਣ ਲੜੀ ਅਤੇ ਜਿੱਤ ਗਈ।
ਯਸ਼ੋਧਰਾ ਹੁਣ ਸਾਂਗਲੀ ਜ਼ਿਲ੍ਹੇ ਦੀ ਮਿਰਾਜ ਤਹਿਸੀਲ ਵਿੱਚ ਆਪਣੇ ਪਿੰਡ ਵੱਡੀ ਦੀ ਬਿਹਤਰੀ ਲਈ ਕੰਮ ਕਰਨ ਅਤੇ ਆਨਲਾਈਨ ਮਾਧਿਅਮ ਰਾਹੀਂ ਆਪਣੀ ਪੜ੍ਹਾਈ ਪੂਰੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਯਸ਼ੋਧਰਾ ਸ਼ਿੰਦੇ ਨੇ ਦੱਸਿਆ ਕਿ ਉਹ ਔਰਤਾਂ ਨੂੰ ਆਤਮ-ਨਿਰਭਰ ਬਣਾਉਣਾ ਚਾਹੁੰਦੀ ਹੈ, ਵਿਦਿਆਰਥੀਆਂ ਲਈ ਈ-ਲਰਨਿੰਗ ਅਤੇ ਹੋਰ ਸਿੱਖਿਆ ਸਾਧਨਾਂ ਦੀ ਸ਼ੁਰੂਆਤ ਕਰਨ ਦੇ ਨਾਲ ਬੱਚਿਆਂ ਨੂੰ ਚੰਗੀਆਂ ਸਿਹਤ ਆਦਤਾਂ ਅਪਣਾਉਣ ਵਿੱਚ ਮਦਦ ਕਰਨਾ ਚਾਹੁੰਦੀ ਹੈ, ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਪਿੰਡ ਦੇ ਕਿਸਾਨ ਭਾਈਚਾਰੇ ਦੀ ਭਲਾਈ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਹੈ।
ਯਸ਼ੋਧਰਾ ਨੇ ਕਿਹਾ, "ਮੈਂ ਜਾਰਜੀਆ ਵਿੱਚ ਨਿਊ ਵਿਜ਼ਨ ਯੂਨੀਵਰਸਿਟੀ ਵਿੱਚ ਐਮ.ਬੀ.ਬੀ.ਐਸ. ਕਰ ਰਹੀ ਹਾਂ। ਫ਼ਿਲਹਾਲ ਮੈਂ ਚੌਥੇ ਸਾਲ ਵਿੱਚ ਹਾਂ ਅਤੇ ਮੇਰੀ ਡੇਢ ਸਾਲ ਦੀ ਪੜ੍ਹਾਈ ਬਾਕੀ ਹੈ।"
ਉਸ ਨੇ ਕਿਹਾ, “ਜਦੋਂ ਮੇਰੇ ਪਿੰਡ ਵਿੱਚ ਚੋਣਾਂ ਦਾ ਐਲਾਨ ਹੋਇਆ ਤਾਂ ਸਥਾਨਕ ਲੋਕ ਚਾਹੁੰਦੇ ਸਨ ਕਿ ਸਾਡੇ ਪਰਿਵਾਰ ਵਿੱਚੋਂ ਕੋਈ ਸਰਪੰਚ ਦੇ ਅਹੁਦੇ ਲਈ ਚੋਣ ਲੜੇ। ਇਸ ਅਹੁਦੇ ਲਈ ਮੈਨੂੰ ਉਤਾਰਨ ਦਾ ਫ਼ੈਸਲਾ ਕੀਤਾ ਗਿਆ। ਮੈਨੂੰ ਮੇਰੇ ਪਰਿਵਾਰ ਦਾ ਫ਼ੋਨ ਆਇਆ, ਮੈਂ ਵਾਪਸ ਆਈ, ਚੋਣ ਲੜੀ ਅਤੇ ਜਿੱਤ ਗਈ।
ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ 7,682 ਗ੍ਰਾਮ ਪੰਚਾਇਤਾਂ ਲਈ 18 ਦਸੰਬਰ ਨੂੰ ਵੋਟਾਂ ਪਈਆਂ ਸਨ। ਇਸ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਗਏ।
ਸਰਪੰਚ ਵਜੋਂ ਪਿੰਡ ਦੇ ਵਿਕਾਸ ਲਈ ਯੋਜਨਾਵਾਂ ਬਾਰੇ ਪੁੱਛੇ ਜਾਣ 'ਤੇ ਯਸ਼ੋਧਰਾ ਸ਼ਿੰਦੇ ਨੇ ਕਿਹਾ ਕਿ ਉਸ ਦਾ ਮੁੱਖ ਧਿਆਨ ਔਰਤਾਂ ਦੇ ਮੁੱਦਿਆਂ ਨੂੰ ਹੱਲ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਹੋਵੇਗਾ।
ਉਸ ਨੇ ਕਿਹਾ, "ਮੇਰਾ ਵਿਚਾਰ ਹੈ ਕਿ ਔਰਤਾਂ ਨੂੰ ਇਹ ਦਿਖਾਉਣ ਦਾ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ ਕਿ ਉਹ ਕੀ ਕਰਨ 'ਚ ਸਮਰੱਥ ਹਨ ਅਤੇ ਮੈਂ ਉਨ੍ਹਾਂ ਨੂੰ ਸਿੱਖਿਅਤ ਅਤੇ ਸੁਤੰਤਰ ਬਣਾਉਣਾ ਚਾਹੁੰਦੀ ਹਾਂ ਤਾਂ ਜੋ ਉਹ ਮਰਦਾਂ 'ਤੇ ਨਿਰਭਰ ਨਾ ਰਹਿਣ।"
ਬੱਚਿਆਂ ਦੀ ਭਲਾਈ ਅਤੇ ਸਿੱਖਿਆ ਵੀ ਉਸ ਦੀ ਤਰਜੀਹੀ ਸੂਚੀ ਵਿੱਚ ਹਨ। ਸ਼ਿੰਦੇ ਨੇ ਕਿਹਾ, "ਮੈਂ ਬੱਚਿਆਂ ਨੂੰ ਈ-ਲਰਨਿੰਗ ਅਤੇ ਨਵੀਨਤਮ ਸਿੱਖਿਆ ਸ਼ਾਸਤਰ ਬਾਰੇ ਦੱਸਣਾ ਚਾਹਾਂਗੀ।"
ਇਹ ਪੁੱਛੇ ਜਾਣ 'ਤੇ ਕਿ ਉਹ ਮੈਡੀਕਲ ਦੀ ਪੜ੍ਹਾਈ ਅੱਗੇ ਕਿਵੇਂ ਕਰੇਗੀ, ਤਾਂ ਯਸ਼ੋਧਰਾ ਸ਼ਿੰਦੇ ਨੇ ਕਿਹਾ ਕਿ ਉਹ ਆਪਣੀ ਪੜ੍ਹਾਈ ਆਨਲਾਈਨ ਪੂਰੀ ਕਰੇਗੀ ਅਤੇ ਉਸ ਦੇ ਦੋਸਤ ਵੀ ਉਸ ਦੀ ਪੜ੍ਹਾਈ 'ਚ ਮਦਦ ਕਰਨਗੇ।