
ਰਾਮਪੁਰ ਦੇ ਐਸ.ਪੀ. ਨੂੰ ਜਯਾਪ੍ਰਦਾ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ
ਬਰੇਲੀ - ਰਾਮਪੁਰ ਦੀ ਵਿਸ਼ੇਸ਼ ਐੱਮ.ਪੀ.-ਐੱਮ.ਐੱਲ.ਏ. ਅਦਾਲਤ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋ ਮਾਮਲਿਆਂ ਦੀ ਸੁਣਵਾਈ ਦੌਰਾਨ ਗ਼ੈਰ-ਹਾਜ਼ਰ ਰਹਿਣ ਲਈ ਅਭਿਨੇਤਰੀ ਅਤੇ ਰਾਮਪੁਰ ਤੋਂ ਸਾਬਕਾ ਸੰਸਦ ਮੈਂਬਰ ਜਯਾਪ੍ਰਦਾ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।
ਰਾਮਪੁਰ ਸਰਕਾਰ ਦੇ ਵਕੀਲ ਅਮਰਨਾਥ ਤਿਵਾਰੀ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਅਤੇ ਅਭਿਨੇਤਰੀ ਜਯਾਪ੍ਰਦਾ ਦੀ ਲਗਾਤਾਰ ਗ਼ੈਰ-ਹਾਜ਼ਰੀ ਤੋਂ ਨਾਰਾਜ਼ ਅਦਾਲਤ ਨੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਰਾਮਪੁਰ ਦੇ ਐਸ.ਪੀ. ਨੂੰ ਜਯਾਪ੍ਰਦਾ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 9 ਜਨਵਰੀ ਤੈਅ ਕੀਤੀ ਗਈ ਹੈ।
ਸਾਬਕਾ ਸੰਸਦ ਮੈਂਬਰ ਜਯਾਪ੍ਰਦਾ ਵਿਰੁੱਧ 2019 ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ। ਪਹਿਲਾ ਮਾਮਲਾ 18 ਅਪ੍ਰੈਲ, 2019 ਨੂੰ ਵੀਡੀਓ ਨਿਗਰਾਨੀ ਟੀਮ ਦੇ ਇੰਚਾਰਜ ਕੁਲਦੀਪ ਭਟਨਾਗਰ ਵੱਲੋਂ ਰਾਮਪੁਰ ਦੇ ਕੈਮਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਪਿਪਰੀਆ ਮਿਸ਼ਰਾ ਵਿੱਚ ਇੱਕ ਜਨਤਕ ਮੀਟਿੰਗ ਵਿੱਚ ਅਸ਼ਲੀਲ ਟਿੱਪਣੀ ਕਰਨ ਨੂੰ ਲੈ ਕੇ ਦਰਜ ਕੀਤਾ ਗਿਆ ਸੀ।
ਦੂਜਾ ਮਾਮਲਾ ਫ਼ਲਾਇੰਗ ਸਕੁਐਡ ਮੈਜਿਸਟ੍ਰੇਟ ਨੀਰਜ ਕੁਮਾਰ ਨੇ 19 ਅਪ੍ਰੈਲ, 2019 ਨੂੰ ਸਵਾਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਨੂਰਪੁਰ ਵਿੱਚ ਇੱਕ ਸੜਕ ਦੇ ਉਦਘਾਟਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਰਜ ਕਰਵਾਇਆ ਸੀ।