
ਸਮਾਗਮ ਦੌਰਾਨ ਟਰੈਕਟਰ 'ਤੇ ਭਿੰਡਰਾਂਵਾਲੇ ਦੇ ਗੀਤ ਵਜਾਉਣ ਦੇ ਵੀ ਲੱਗੇ ਇਲਜ਼ਾਮ
ਜਬਲਪੁਰ : ਜਬਲਪੁਰ ਕ੍ਰਾਈਮ ਬ੍ਰਾਂਚ ਪੁਲਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਫੋਟੋ ਲਗਾਉਣ ਦੇ ਦੋਸ਼ 'ਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਨੌਜਵਾਨ 19 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਚੱਲ ਰਹੇ ਸਮਾਗਮ ਦੌਰਾਨ ਟਰੈਕਟਰ ਲੈ ਕੇ ਰਾਂਝੀ ਪਹੁੰਚਿਆ ਸੀ। ਦੋਸ਼ ਹੈ ਕਿ ਨੌਜਵਾਨਾਂ ਨੇ ਟਰੈਕਟਰ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਲਗਾਈ ਹੋਈ ਸੀ।
ਸੂਤਰਾਂ ਮੁਤਾਬਕ ਰਾਂਝੀ ਇਲਾਕੇ ਦੇ ਰਾਵਣ ਪਾਰਕ ਦੇ ਰਹਿਣ ਵਾਲੇ ਪ੍ਰਭਜੋਤ ਸਿੰਘ ਉਰਫ਼ ਜਸ ਨੂੰ ਕ੍ਰਾਈਮ ਬ੍ਰਾਂਚ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਲਜ਼ਾਮ ਹੈ ਕਿ ਪ੍ਰਭਜੋਤ ਸਿੰਘ ਨੇ ਚੱਲਦੇ ਸਮਾਗਮ ਦੌਰਾਨ ਟਰੈਕਟਰ ਵਿੱਚ ਲਗਾਏ ਮਿਊਜ਼ਿਕ ਸਿਸਟਮ ’ਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਗੀਤ ਵੀ ਵਜਾਏ। ਚਲ ਰਹੇ ਸਮਾਗਮ ਦੌਰਾਨ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਪ੍ਰਭਜੋਤ ਨੂੰ ਅਜਿਹਾ ਕਰਨ ਤੋਂ ਵਰਜਿਆ ਵੀ ਸੀ।
ਸੂਤਰਾਂ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਮਾਗਮ ਵਿੱਚ ਸ਼ਾਮਲ ਹੋਏ ਪ੍ਰਭਜੋਤ ਨੇ ਟਰੈਕਟਰ ਦੇ ਪਿਛਲੇ ਪਾਸੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲਗਾਈ ਸੀ। ਇੰਨਾ ਹੀ ਨਹੀਂ ਫੋਟੋ ਦੀ ਕੈਪਸ਼ਨ 'ਚ ਲਿਖਿਆ ਸੀ- ਨੋ ਕੰਪੀਟੀਸ਼ਨ।