
ਮਹਾਕਾਲੇਸ਼ਵਰ ਮੰਦਰ ਦੇ ਭੋਜਨ ਕੇਂਦਰ ਦੀ ਰਸੋਈ 'ਚ ਕੰਮ ਕਰ ਰਿਹਾ ਸੀ ਔਰਤ
Madhya Pradesh: ਮੱਧ ਪ੍ਰਦੇਸ਼ ਦੇ ਉਜੈਨ 'ਚ ਮਹਾਕਾਲੇਸ਼ਵਰ ਮੰਦਰ ਦੇ ਭੋਜਨ ਕੇਂਦਰ 'ਚ ਆਲੂ ਛਿੱਲਣ ਵਾਲੀ ਮਸ਼ੀਨ 'ਚ ਸਨਿਚਰਵਾਰ ਨੂੰ ਇਕ ਔਰਤ ਦੀ ਦੁਪੱਟਾ ਫਸ ਜਾਣ ਕਾਰਨ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਉਪ ਮੰਡਲ ਮੈਜਿਸਟਰੇਟ (ਐਸਡੀਐਮ) ਲਕਸ਼ਮੀ ਨਰਾਇਣ ਗਰਗ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਹਾਦਸਾ ਸਵੇਰੇ ਮੰਦਰ ਦੇ ਅਨਾਜ ਖੇਤਰ ਵਿਚ ਵਾਪਰਿਆ। ਉਨ੍ਹਾਂ ਦਸਿਆ ਕਿ ਅਹਾਤੇ ਵਿਚ ਮੌਜੂਦ ਪ੍ਰਾਈਵੇਟ ਸੁਰੱਖਿਆ ਸੇਵਾ ਦੇ ਸਟਾਫ਼ ਅਤੇ ਹੋਰ ਔਰਤਾਂ ਨੇ ਦਸਿਆ ਕਿ ਰਜਨੀ ਖੱਤਰੀ (30) ਜਦੋਂ ਰਸੋਈ ਵਿਚ ਕੰਮ ਕਰ ਰਹੀ ਸੀ ਤਾਂ ਉਸਦਾ ਦੁਪੱਟਾ ਆਲੂ ਛਿੱਲਣ ਵਾਲੀ ਮਸ਼ੀਨ ਵਿਚ ਫਸ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਐਸਡੀਐਮ ਨੇ ਦਸਿਆ ਕਿ ਔਰਤ ਦੇ ਗਲੇ ਵਿਚ ਦੁਪੱਟਾ ਫਸ ਗਿਆ। ਉਸ ਨੂੰ ਨਿਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਉਨ੍ਹਾਂ ਦਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।
ਐਸਡੀਐਮ ਨੇ ਕਿਹਾ ਕਿ ਸਰਕਾਰ ਵਲੋਂ ਉਸ ਦੇ ਪਰਵਾਰ ਨੂੰ ਆਰਥਕ ਸਹਾਇਤਾ ਦਿਤੀ ਜਾਵੇਗੀ। ਅੰਨ ਖੇਤਰ ਮਹਾਕਾਲੇਸ਼ਵਰ ਮੰਦਰ ਤੋਂ ਲਗਭਗ 500 ਮੀਟਰ ਦੀ ਦੂਰੀ 'ਤੇ ਹੈ ਅਤੇ ਇੱਥੇ ਸ਼ਰਧਾਲੂਆਂ ਨੂੰ ਭੋਜਨ ਮੁਹਈਆ ਕਰਵਾਇਆ ਜਾਂਦਾ ਹੈ।