ਕਿਹਾ, “ਅਸਾਮ ਵਿਚ ਗ਼ੈਰ-ਕਾਨੂੰਨੀ ਪ੍ਰਵਾਸੀ ਵਸਾਣਾ ਚਾਹੁੰਦੀ ਹੈ ਕਾਂਗਰਸ”
ਨਾਮਰੂਪ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਉਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਹ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੈ ਅਤੇ ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਅਸਾਮ ’ਚ ਵਸਣ ’ਚ ਮਦਦ ਕਰ ਰਹੀ ਹੈ।
ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੇ ਨਾਮਰੂਪ ਵਿਖੇ 10,601 ਕਰੋੜ ਰੁਪਏ ਦੇ ਖਾਦ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਇੱਥੇ ਪੁਰਾਣੇ ਪਲਾਂਟ ਨੂੰ ਆਧੁਨਿਕ ਬਣਾਉਣ ਅਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਲੱਭਣ ਲਈ ਕੋਈ ਯਤਨ ਨਹੀਂ ਕੀਤਾ।
ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ, ‘‘ਕਾਂਗਰਸ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੈ। ਉਹ ਚਾਹੁੰਦੇ ਹਨ ਕਿ ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਅਸਾਮ ਦੇ ਜੰਗਲਾਂ ਅਤੇ ਜ਼ਮੀਨਾਂ ਵਿਚ ਵਸ ਜਾਣ। ਉਹ ਸਿਰਫ ਅਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ ਅਤੇ ਲੋਕਾਂ ਦੀ ਪਰਵਾਹ ਨਹੀਂ ਕਰਦੇ।’’ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਨੂੰ ਅਸਾਮੀ ਲੋਕਾਂ ਦੀ ਪਛਾਣ, ਹੋਂਦ ਅਤੇ ਮਾਣ ਦੀ ਚਿੰਤਾ ਨਹੀਂ ਹੈ, ਜਿਸ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ, ‘‘ਕਾਂਗਰਸ ਵੋਟਰ ਸੂਚੀਆਂ ’ਚ ਸੋਧ ਦਾ ਵਿਰੋਧ ਕਰ ਰਹੀ ਹੈ ਕਿਉਂਕਿ ਉਹ ਸਿਰਫ ਸੱਤਾ ਉਤੇ ਕਬਜ਼ਾ ਕਰਨਾ ਚਾਹੁੰਦੀ ਹੈ। ਮੈਂ ਜੋ ਵੀ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਉਹ ਉਸ ਦਾ ਵਿਰੋਧ ਕਰਦੇ ਹਨ... ਭਾਜਪਾ ਸਰਕਾਰ ਆਸਾਮੀ ਲੋਕਾਂ ਦੀ ਪਛਾਣ, ਜ਼ਮੀਨ, ਮਾਣ ਅਤੇ ਹੋਂਦ ਦੀ ਰਾਖੀ ਲਈ ਹਮੇਸ਼ਾ ਕੰਮ ਕਰੇਗੀ।’’
ਅਪਣੇ ਆਸਾਮ ਦੌਰੇ ਦੇ ਦੂਜੇ ਅਤੇ ਆਖਰੀ ਦਿਨ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਇਸ ਦੇਸ਼ ਲਈ ਇੰਨੀਆਂ ਗਲਤੀਆਂ ਕੀਤੀਆਂ ਹਨ ਕਿ ਪਿਛਲੇ 11 ਸਾਲਾਂ ਤੋਂ ਇਨ੍ਹਾਂ ਨੂੰ ਸੁਧਾਰਨ ਦੇ ਬਾਵਜੂਦ ਹਰ ਚੀਜ਼ ਨੂੰ ਲੀਹ ਉਤੇ ਲਿਆਉਣ ਲਈ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ।
ਉਨ੍ਹਾਂ ਕਿਹਾ, ‘‘ਜਦੋਂ ਸਾਡੀ ਸਰਕਾਰ ਨੇ ਡਾ ਭੂਪੇਨ ਹਜ਼ਾਰਿਕਾ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਸੀ ਤਾਂ ਕਾਂਗਰਸ ਨੇ ਇਸ ਫੈਸਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਇਸ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ‘ਮੋਦੀ ਨੱਚਣ ਗਾਉਦ ਵਾਲਿਆਂ ਨੂੰ ਭਾਰਤ ਰਤਨ ਦੇ ਰਿਹਾ ਹੈ’, ਜੋ ਕਿ ਭੂਪੇਨ ਦਾ ਅਤੇ ਅਸਾਮ ਦੇ ਲੋਕਾਂ ਦੋਹਾਂ ਦਾ ਅਪਮਾਨ ਹੈ।’’ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਉਦੇਸ਼ ਅਸਾਮ ਨੂੰ ਓਨਾ ਹੀ ਤਾਕਤਵਰ ਬਣਾਉਣਾ ਹੈ ਜਿੰਨਾ ਸਦੀਆਂ ਪਹਿਲਾਂ ਅਹੋਮ ਰਾਜਵੰਸ਼ ਦੌਰਾਨ ਸੀ।
ਮੋਦੀ ਨੇ ਕਿਹਾ ਕਿ ਨਾਮਰੂਪ ਯੂਰੀਆ ਪਲਾਂਟ ਸਥਾਨਕ ਕਿਸਾਨਾਂ ਦੀ ਸਹਾਇਤਾ ਕਰੇਗਾ ਅਤੇ ਅਸਾਮ ਦੇ ਨੌਜੁਆਨਾਂ ਲਈ ਹਜ਼ਾਰਾਂ ਨੌਕਰੀਆਂ ਪੈਦਾ ਕਰੇਗਾ। ਯੂਨਿਟ 2030 ਤਕ ਚਾਲੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਇਸ ਪਲਾਂਟ ਵਿਚ ਉਤਪਾਦਨ ਸ਼ੁਰੂ ਹੋ ਜਾਵੇਗਾ, ਜਿਸ ਦਾ ਸਾਲਾਨਾ ਉਤਪਾਦਨ 12.7 ਲੱਖ ਮੀਟ੍ਰਿਕ ਟਨ ਹੋਵੇਗਾ, ਸਪਲਾਈ ਚੇਨ ਵਧੇਰੇ ਕੁਸ਼ਲ ਹੋ ਜਾਵੇਗੀ ਅਤੇ ਲੌਜਿਸਟਿਕਸ ਖਰਚਿਆਂ ਵਿਚ ਕਾਫ਼ੀ ਕਮੀ ਆਵੇਗੀ। ਮੋਦੀ ਨੇ ਕਿਹਾ ਕਿ ਉੱਤਰ-ਪੂਰਬ ਦੀ ਤਰੱਕੀ ਤੋਂ ਬਿਨਾਂ ਭਾਰਤ ਦਾ ਵਿਕਾਸ ਨਹੀਂ ਹੋ ਸਕਦਾ।
