
ਬਾਬੇ ਨਾਨਕ ਦੇ ਸਿਧਾਂਤਾਂ ‘ਤੇ ਚੱਲਾਂਗੇ ਤਾਂ ਜ਼ਰੂਰ ਫਤਿਹ ਕਰਾਂਗੇ- ਸਿੱਖ ਨੌਜਵਾਨ
ਨਵੀਂ ਦਿੱਲੀ (ਮਨੀਸ਼ਾ): ਦੁਨੀਆਂ ਭਰ ਵਿਚ ਵਸਦੇ ਸਿੱਖ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਦਿੱਲੀ ਵਿਚ ਲੱਗੇ ਕਿਸਾਨੀ ਮੋਰਚੇ ਦੌਰਾਨ ਮਨੁੱਖਤਾ ਦੀ ਸੇਵਾ ਦੀਆਂ ਕਈ ਵਿਲੱਖਣ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਸਿੰਘੂ ਬਾਰਡਰ ‘ਤੇ ਇਨਿਸ਼ੀਏਟਰਸ ਆਫ ਚੇਂਜ (initiators of change) ਸੰਸਥਾ ਵੱਲੋਂ ਲੋੜਵੰਦਾਂ ਦੀ ਮਦਦ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ।
Initiators of change organisation at singhu border
ਸੰਸਥਾ ਵੱਲੋਂ ਮੋਰਚੇ ‘ਤੇ ਪਹੁੰਚੇ ਕਿਸਾਨਾਂ ਲਈ ਜੈਕਟਾਂ, ਕੋਟੀਆਂ, ਕੰਬਲ, ਰਜਾਈਆਂ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲ਼ਾਵਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਲਈ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸੰਸਥਾ ਦੇ ਮੈਂਬਰ ਗੌਰਵ ਨੇ ਦੱਸਿਆ ਕਿ ਉਹ ਮੋਰਚੇ ਦਾ ਹਿੱਸਾ ਬਣਨ ਆਏ ਸੀ ਤੇ ਪਰ ਉਹਨਾਂ ਨੇ ਦੇਖਿਆ ਕਿ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਹੋਈਆਂ ਹਨ ਤਾਂ ਉਹਨਾਂ ਨੇ ਕਿਸਾਨਾਂ ਨੂੰ ਮੈਡੀਕਲ ਕਿੱਟਾਂ ਵੰਡੀਆਂ।
Initiators of change organisation at singhu border
ਗੌਰਵ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਉਹਨਾਂ ਨੂੰ ਦਵਾਈਆਂ ਰੱਖਣ ਲਈ ਅਪਣੀ ਦੁਕਾਨ ਦੇ ਦਿੱਤੀ। ਬਾਬੇ ਨਾਨਕ ਦੀ ਕ੍ਰਿਪਾ ਨਾਲ ਕਿਸੇ ਵੀਰ ਨੇ ਉਹਨਾਂ ਨੂੰ ਟੈਂਟ ਦਿੱਤਾ ਅਤੇ ਕਿਸੇ ਨੇ ਲੋੜਵੰਦਾਂ ਨੂੰ ਵੰਡਣ ਲਈ ਕੰਬਲ ਦੇ ਦਿੱਤੇ। ਇਸ ਤੋਂ ਬਾਅਦ ਜਿਵੇਂ-ਜਿਵੇਂ ਲੋੜ ਵਧਦੀ ਗਈ, ਲੋਕ ਮਦਦ ਕਰਦੇ ਰਹੇ, ਜਿਸ ਨਾਲ ਹੁਣ ਲੋੜਵੰਦਾਂ ਨੂੰ ਜ਼ਰੂਰਤ ਦਾ ਹਰ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
Initiators of change organisation at singhu border
ਗੌਰਵ ਦਾ ਕਹਿਣਾ ਹੈ ਕਿ ਇੱਥੇ ਰੱਬ ਵਸਦਾ ਹੈ, ਇੱਥੇ ਆ ਕੇ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੁੰਦੀ। ਉਹਨਾਂ ਕਿਹਾ ਲੋਕ ਸਵਾਲ ਚੁੱਕ ਰਹੇ ਨੇ ਕਿ ਇਹ ਸਭ ਕਿੱਥੋਂ ਆ ਰਿਹਾ ਹੈ, ਗੌਰਵ ਨੇ ਕਿਹਾ ਇਹ ਸਾਨੂੰ ਵੀ ਨਹੀਂ ਪਤਾ ਕਿ ਸੇਵਾ ਕਿੱਥੋਂ ਆ ਰਹੀ ਹੈ। ਜਿਹੜੇ ਲੋਕ ਦੇ ਕੇ ਜਾ ਰਹੇ, ਉਹ ਅਪਣੇ ਨਾਮ ਵੀ ਨਹੀਂ ਦੱਸ ਰਹੇ। ਉਹਨਾਂ ਕਿਹਾ ਇਹ ਬਾਬੇ ਨਾਨਕ ਵੱਲੋਂ ਸ਼ੁਰੂ ਕੀਤੀ ਗਈ 20 ਰੁਪਏ ਦੀ ਸੇਵਾ ਚੱਲ ਰਹੀ ਹੈ।
Initiators of change organisation at singhu border
ਕੌਮੀ ਜਾਂਚ ਬਿਊਰੋ (ਐਨਆਈਏ) ਵੱਲੋਂ ਜਾਰੀ ਕੀਤੇ ਜਾ ਰਹੇ ਨੋਟਿਸਾਂ ‘ਤੇ ਗੌਰਵ ਨੇ ਕਿਹਾ ਕਿ ਜਦੋਂ ਅਸੀਂ ਮੋਰਚੇ ਵਿਚ ਆਏ ਤਾਂ ਪਤਾ ਸੀ ਕਿ ਜਦੋਂ ਜੰਗ ਹੋਵੇਗੀ ਤਾਂ ਪਰਚੇ ਵੀ ਹੋਣਗੇ। ਉਹਨਾਂ ਕਿਹਾ ਹਾਲੇ ਪਰਚਿਆਂ ਦਾ ਦੌਰ ਸ਼ੁਰੂ ਹੋਵੇਗਾ, ਜਦੋਂ ਜਿੱਤ ਕੇ ਜਾਵਾਂਗੇ ਉਦੋਂ ਵੀ ਪਰਚੇ ਦਰਜ ਹੋਣਗੇ। ਜੇ ਅਸੀਂ ਪਰਚਿਆਂ ਤੋਂ ਡਰ ਗਏ ਤਾਂ ਅੱਗੇ ਨਹੀਂ ਵਧ ਸਕਾਂਗੇ।
Initiators of change organisation at singhu border
ਗੌਰਵ ਦਾ ਕਹਿਣਾ ਹੈ ਕਿ ਸਰਕਾਰ ਦੇ ਮੰਤਰੀ ਜਿਨ੍ਹਾਂ ਸਕੂਲਾਂ ਵਿਚ ਪੜ੍ਹੇ, ਉਹਨਾਂ ਦੀ ਪੜ੍ਹਾਈ ਵਿਚ ਕਮੀ ਰਹੀ, ਇਹੀ ਕਾਰਨ ਹੈ ਕਿ ਸਰਕਾਰ ਵੱਲ਼ੋਂ ਬਣਾਏ ਕਾਨੂੰਨਾਂ ਨੂੰ ਸਮਝਾਉਣ ਲਈ ਉਹਨਾਂ ਨੂੰ ਵੱਖਰੇ ਤੌਰ ‘ਤੇ ਕਈ ਮਹੀਨਿਆਂ ਤੱਕ ਪ੍ਰਚਾਰ ਕਰਨਾ ਪੈਂਦਾ ਹੈ। ਸਰਕਾਰ ਨੂੰ ਸਮਝ ਨਹੀਂ ਹੈ ਕਿ ਕਿਸ ਹਿਸਾਬ ਨਾਲ ਕਾਨੂੰਨ ਬਣਾਉਣੇ ਹਨ।
Farmer
ਗੌਰਵ ਨੇ ਦੱਸਿਆ ਕਿ ਉਹਨਾਂ ਨੂੰ ਖੇਤੀਬਾੜੀ ਬਾਰੇ ਜਾਣਕਾਰੀ ਨਹੀਂ ਹੈ ਪਰ ਇੰਨਾ ਜ਼ਰੂਰ ਪਤਾ ਕਿ ਇਹ ਜੰਗ ਸਾਂਝੀ ਹੈ। ਜੇ ਖੇਤੀ ਨਾ ਰਹੀ ਤਾਂ ਪੰਜਾਬ ਨਹੀਂ ਰਹਿਣ, ਜੇ ਪੰਜਾਬ ਨਾ ਰਿਹਾ ਤਾਂ ਸਾਡੀ ਕੌਮ ਵੀ ਨਹੀਂ ਰਹੇਗੀ। ਗੌਰਵ ਨੇ ਕਿਹਾ ਕਿ ਇਸ ਸੰਘਰਸ਼ ਨੂੰ ਪ੍ਰਮਾਤਮਾ ਚਲਾ ਰਿਹਾ ਹੈ। ਪ੍ਰਮਾਤਮਾ ‘ਤੇ ਭਰੋਸਾ ਰੱਖੀਏ ਤੇ ਸ਼ਾਂਤਮਈ ਰਹੀਏ। ਉਹਨਾਂ ਕਿਹਾ ਬਾਬੇ ਨਾਨਕ ਦੇ ਸਿਧਾਂਤਾਂ ‘ਤੇ ਚੱਲਾਂਗੇ ਤਾਂ ਜ਼ਰੂਰ ਫਤਿਹ ਕਰਾਂਗੇ। ਇਹ ਹੱਕਾਂ ਦੀ ਜੰਗ ਹੈ ਤੇ ਹੱਕਾਂ ਦੀ ਜੰਗ ਹਮੇਸ਼ਾਂ ਸਬਰ ਨਾਲ ਹੀ ਲੜੀ ਜਾਂਦੀ ਹੈ। ਇਸ ਜੰਗ ਨੂੰ ਚਾਹੇ ਜਿੰਨਾ ਮਰਜੀ ਸਮਾਂ ਲੱਗੇ, ਅਸੀਂ ਇਹ ਜੰਗ ਲੜਾਂਗੇ।