
31 ਸੀਟਾਂ ਲਈ ਉਮੀਦਵਾਰਾਂ ਬਾਰੇ ਚਰਚਾ ਕਰਨ ਲਈ ਬਣਾਈ ਇੱਕ ਸਬ-ਕਮੇਟੀ
ਕੇ.ਸੀ. ਵੇਣੂਗੋਪਾਲ, ਅੰਬਿਕਾ ਸੋਨੀ ਅਤੇ ਕਾਂਗਰਸ ਸਕਰੀਨਿੰਗ ਕਮੇਟੀ ਪੰਜਾਬ ਦੇ ਪ੍ਰਧਾਨ ਅਜੈ ਮਾਕਨ ਹੋਣਗੇ ਕਮੇਟੀ ਦਾ ਹਿੱਸਾ
ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋ ਚੁੱਕਾ ਹੈ। ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਸਭ ਦੇ ਵਿਚਕਾਰ ਕਾਂਗਰਸ ਪਾਰਟੀ ਵਲੋਂ ਅਜੇ ਕੋਈ ਵੀ ਮੁੱਖ ਮੰਤਰੀ ਚਿਹਰਾ ਨਹੀਂ ਐਲਾਨਿਆ ਗਿਆ ਅਤੇ ਕਿਹਾ ਗਿਆ ਕਿ ਪਾਰਟੀ ਦੀ ਸਾਂਝੀ ਅਗਵਾਈ ਵਿਚ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ।
k c venugopal
ਇਸ ਸਭ ਦੇ ਦੌਰਾਨ ਕਾਂਗਰਸ ਵੱਲੋਂ ਸ਼ਨੀਵਾਰ ਯਾਨੀ ਅੱਜ ਉਮੀਦਵਾਰਾਂ ਦੀ ਚੋਣ ਲਈ ਮੀਟਿੰਗ ਬੁਲਾਈ ਗਈ ਸੀ। ਹਾਲਾਂਕਿ ਇਹ ਮੀਟਿੰਗ ਬੇਸਿੱਟਾ ਰਹੀ। ਸੂਤਰਾਂ ਅਨੁਸਾਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਬੁਲਾਈ ਗਈ ਕਾਂਗਰਸ ਮੁੱਖ ਚੋਣ ਕਮੇਟੀ ਦੀ ਮੀਟਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਮਤਭੇਦਾਂ ਕਾਰਨ ਬੇਸਿੱਟਾ ਰਹੀ।
Ambika Soni
ਹੁਣ ਤੱਕ ਪਾਰਟੀ ਵਲੋਂ 86 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਇੱਕ ਨਿਊਜ਼ ਏਜੰਸੀ ਮੁਤਾਬਕ ਪਾਰਟੀ ਨੇ ਬਾਕੀ 31 ਸੀਟਾਂ 'ਤੇ ਪਾਰਟੀ ਦੇ ਉਮੀਦਵਾਰਾਂ ਬਾਰੇ ਚਰਚਾ ਕਰਨ ਲਈ ਇੱਕ ਸਬ-ਕਮੇਟੀ ਬਣਾਈ ਹੈ।
Ajay Maken
ਇਸ ਨਵੀਂ ਬਣੀ ਕਮੇਟੀ ਵਿੱਚ ਕੇ.ਸੀ. ਵੇਣੂਗੋਪਾਲ, ਅੰਬਿਕਾ ਸੋਨੀ ਅਤੇ ਕਾਂਗਰਸ ਸਕਰੀਨਿੰਗ ਕਮੇਟੀ ਪੰਜਾਬ ਦੇ ਪ੍ਰਧਾਨ ਅਜੈ ਮਾਕਨ ਸ਼ਾਮਲ ਹਨ। ਕਾਂਗਰਸ ਹਾਈਕਮਾਂਡ ਨੇ ਹੁਣ ਤੱਕ ਕਿਹਾ ਹੈ ਕਿ ਪਾਰਟੀ 20 ਫਰਵਰੀ ਨੂੰ ਹੋਣ ਵਾਲੀਆਂ 117 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ‘ਸਮੂਹਿਕ ਅਗਵਾਈ’ ਹੇਠ ਲੜੇਗੀ।