
ਰੇਲਵੇ ਸਟੇਸ਼ਨ ਤੋਂ ਮੁੰਬਈ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ ਨੂੰ ਦੇਰੀ ਨਾਲ ਰਵਾਨਾ ਕਰਨ ਲਈ ਬੰਬ ਦੀ ਅਫਵਾਹ ਫੈਲਾਉਣ ਦੇ ਮਾਮਲੇ 'ਚ ਕਾਰਵਾਈ ਕੀਤੀ ਗਈ...
ਨਵੀਂ ਦਿੱਲੀ: ਰੇਲਵੇ ਸਟੇਸ਼ਨ ਤੋਂ ਮੁੰਬਈ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ ਨੂੰ ਦੇਰੀ ਨਾਲ ਰਵਾਨਾ ਕਰਨ ਲਈ ਬੰਬ ਦੀ ਅਫਵਾਹ ਫੈਲਾਉਣ ਦੇ ਮਾਮਲੇ 'ਚ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸ਼ਨੀਵਾਰ (21 ਜਨਵਰੀ) ਨੂੰ ਭਾਰਤੀ ਹਵਾਈ ਸੈਨਾ ਦੇ ਇੱਕ ਅਧਿਕਾਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਦੱਸ ਦੇਈਏ ਕਿ ਸ਼ਾਮ 4.48 ਵਜੇ ਪੀਸੀਆਰ ਕਮਾਂਡ ਰੂਮ ਨੇ ਪੁਲਿਸ ਨੂੰ ਬੰਬ ਦੀ ਕਾਲ ਹੋਣ ਦੀ ਸੂਚਨਾ ਦਿੱਤੀ ਸੀ। ਟਰੇਨ ਨੇ ਸ਼ਾਮ 4.55 ਵਜੇ ਮੁੰਬਈ ਲਈ ਰਵਾਨਾ ਹੋਣਾ ਸੀ। ਟਰੇਨ 'ਚ ਬੰਬ ਹੋਣ ਦੀ ਸੂਚਨਾ ਮਿਲਣ 'ਤੇ ਰੇਲਵੇ ਅਧਿਕਾਰੀਆਂ 'ਚ ਹੜਕੰਪ ਮਚ ਗਿਆ। ਉਨ੍ਹਾਂ ਵੱਲੋਂ ਤੁਰੰਤ ਰੇਲਵੇ ਅਤੇ ਕੇਂਦਰੀ ਜ਼ਿਲ੍ਹੇ ਦੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ।
ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਰੇਲਵੇ ਪ੍ਰੋਟੈਕਸ਼ਨ ਫੋਰਸ ਵੀ ਆਪਰੇਸ਼ਨ ਵਿੱਚ ਸ਼ਾਮਲ ਹੋਈ, ਪਰ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। ਪੁਲਿਸ ਦੇ ਡਿਪਟੀ ਕਮਿਸ਼ਨਰ (ਰੇਲਵੇ) ਹਰੀਸ਼ ਐਚਪੀ ਨੇ ਕਿਹਾ, "ਮੋਬਾਈਲ ਨੰਬਰ ਨੂੰ ਟਰੇਸ ਕੀਤਾ ਗਿਆ ਸੀ ਅਤੇ ਪਤਾ ਲੱਗਿਆ ਹੈ ਕਿ ਕਾਲ ਭਾਰਤੀ ਹਵਾਈ ਸੈਨਾ ਨਾਲ ਜੁੜੇ ਇੱਕ ਅਧਿਕਾਰੀ ਸੁਨੀਲ ਸਾਂਗਵਾਨ ਦੀ ਆਈ ਸੀ।"
ਪੁਲਿਸ ਮੁਤਾਬਕ ਸਾਂਗਵਾਨ ਨੇ ਮੁੰਬਈ ਦੇ ਸਾਂਤਾਕਰੂਜ਼ ਸਥਿਤ ਏਅਰਫੋਰਸ ਸਟੇਸ਼ਨ 'ਤੇ ਤਾਇਨਾਤੀ ਵਾਲੀ ਥਾਂ 'ਤੇ ਰੇਲਗੱਡੀ 'ਤੇ ਸਵਾਰ ਹੋਣਾ ਸੀ। ਜਦੋਂ ਉਹ ਦੇਰ ਨਾਲ ਸਟੇਸ਼ਨ 'ਤੇ ਪਹੁੰਚਿਆ ਤਾਂ ਸ਼ਰਾਬੀ ਹਾਲਤ 'ਚ ਉਸ ਨੇ ਦਿੱਲੀ ਤੋਂ ਰੇਲਗੱਡੀ ਦੇ ਰਵਾਨਗੀ 'ਚ ਦੇਰੀ ਕਰਨ ਲਈ ਬੰਬ ਦੀ ਅਫਵਾਹ ਫੈਲਾ ਦਿੱਤੀ।
ਡੀਸੀਪੀ ਨੇ ਕਿਹਾ, "ਕਾਲਰ ਨੂੰ ਕੋਚ ਬੀ-9 ਸੀਟ ਨੰਬਰ-1 ਤੋਂ ਟਰੇਸ ਕੀਤਾ ਗਿਆ ਸੀ। ਉਸ ਦੀ ਪਛਾਣ ਭਾਰਤੀ ਹਵਾਈ ਸੈਨਾ ਦੇ ਆਈਡੀ ਕਾਰਡ ਰਾਹੀਂ ਕੀਤੀ ਗਈ ਸੀ। ਪੀਸੀਆਰ ਕਾਲ ਕਰਨ ਲਈ ਵਰਤਿਆ ਜਾਣ ਵਾਲਾ ਮੋਬਾਈਲ ਹੈਂਡਸੈੱਟ ਵੀ ਬਰਾਮਦ ਕੀਤਾ ਗਿਆ ਹੈ।"
ਡੀਸੀਪੀ ਨੇ ਕਿਹਾ, "ਦੋਸ਼ੀ ਦਾ ਮੈਡੀਕਲ ਟੈਸਟ ਕੀਤਾ ਗਿਆ, ਜਿਸ ਤੋਂ ਪੁਸ਼ਟੀ ਹੋਈ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ। ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।"