
Mahakumbh 2025: 580 ਸ਼ਰਧਾਲੂਆਂ ਦੇ ਕੀਤੇ ਗਏ ਮਾਮੂਲੀ ਅਪਰੇਸ਼ਨ
Medical facilities during Mahakumbh 2025 News in punjabi : ਪ੍ਰਯਾਗਰਾਜ ਵਿਚ ਮਹਾਕੁੰਭ ਜਾਰੀ ਹੈ। ਜਿਥੇ ਸਰਕਾਰ ਵਲੋਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀ ਹਨ ਉਥੇ ਹੀ ਮੈਡੀਕਲ ਸਹੂਲਤ ਅਜਿਹੀ ਸਹੂਲਤ ਹੈ ਜੋ ਸ਼ਰਧਾਲੂਆਂ ਲਈ ਅਤਿ ਜ਼ਰੂਰੀ ਹੈ। ਸ਼ਰਧਾਲੂਆਂ ਨੂੰ ਇਹ ਸਹੂਲਤ ਮੁਫ਼ਤ ਅਤੇ ਬਿਨਾਂ ਕਿਸੇ ਵਿਘਨ ਤੋਂ ਦਿੱਤੀ ਜਾ ਰਹੀ ਹੈ। ਹੁਣ ਤੱਕ ਲੱਖਾਂ ਸ਼ਰਧਾਲੂ ਇਸ ਸਹੂਲਤ ਦਾ ਫ਼ਾਇਦਾ ਲੈ ਚੁੱਕੇ ਹਨ। ਖ਼ਬਰਾਂ ਇਹ ਹਨ ਕਿ ਮਹਾਕੁੰਭ ਵਿਚ ਦਿਲ ਦਾ ਦੌਰਾ ਪੈਣ ਵਾਲੇ 100 ਤੋਂ ਵੱਧ ਸ਼ਰਧਾਲੂਆਂ ਦੀ ਜਾਨ ਬਚਾਈ ਗਈ ਹੈ।
ਇਸ ਦੇ ਨਾਲ ਹੀ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿਚ 183 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਅਤੇ 580 ਦੇ ਮਾਮੂਲੀ ਅਪਰੇਸ਼ਨ ਕੀਤੇ ਗਏ ਹਨ। ਪ੍ਰਸ਼ਾਸਨ ਮੁਤਾਬਕ ਮਹਾਕੁੰਭ ਮੇਲਾ ਖੇਤਰ 'ਚ ਸਥਾਪਿਤ 'ਸੈਂਟਰਲ ਹਸਪਤਾਲ' 'ਚ ਦੇਸ਼ ਦੀ ਸਭ ਤੋਂ ਆਧੁਨਿਕ ਤਕਨੀਕ ਨਾਲ ਇਲਾਜ ਕੀਤਾ ਜਾ ਰਿਹਾ ਹੈ।
ਹੁਣ ਤੱਕ 1,70,727 ਖ਼ੂਨ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਇੱਕ ਲੱਖ ਤੋਂ ਵੱਧ ਲੋਕਾਂ ਨੇ ਓਪੀਡੀ ਸੇਵਾਵਾਂ ਦਾ ਲਾਭ ਉਠਾਇਆ ਹੈ। ਮਹਾਕੁੰਭ ਮੇਲੇ ਦੇ ਨੋਡਲ ਅਫ਼ਸਰ (ਮੈਡੀਕਲ ਸਥਾਪਨਾ) ਡਾ.ਗੌਰਵ ਦੂਬੇ ਨੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਮਹਾਕੁੰਭ ਨਗਰ 'ਚ ਸਿਹਤ ਲਾਭ ਲੈ ਰਹੇ ਹਨ |
ਦੂਬੇ ਅਨੁਸਾਰ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਦੋ ਸ਼ਰਧਾਲੂਆਂ ਨੂੰ 'ਸੈਂਟਰਲ ਹਸਪਤਾਲ' 'ਚ ਜੀਵਨ ਸਹਾਇਤਾ ਮਿਲੀ ਕਿਉਂਕਿ ਛਾਤੀ 'ਚ ਦਰਦ ਕਾਰਨ ਉਨ੍ਹਾਂ ਦਾ ਇਲਾਜ ਆਈ.ਸੀ.ਯੂ. ਵਿਚ ਹੋਇਆ। ਉਨ੍ਹਾਂ ਦੱਸਿਆ ਕਿ ਡਾ.ਐਸ.ਕੇ.ਪਾਂਡੇ ਦੀ ਅਗਵਾਈ ਹੇਠ ਉਨ੍ਹਾਂ ਦੀ ਜਾਂਚ ਅਤੇ ਇਲਾਜ ਸਫ਼ਲਤਾਪੂਰਵਕ ਕੀਤਾ ਗਿਆ ਅਤੇ ਹੁਣ ਦੋਵੇਂ ਸ਼ਰਧਾਲੂ ਪੂਰੀ ਤਰ੍ਹਾਂ ਤੰਦਰੁਸਤ ਹਨ।
ਡਾਕਟਰ ਪਾਂਡੇ ਨੇ ਦੱਸਿਆ ਕਿ ਦੋਵਾਂ ਸ਼ਰਧਾਲੂਆਂ ਦੀ ਈਸੀਜੀ ਕੀਤੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਦਾ ਇਲਾਜ ਕੀਤਾ ਗਿਆ। ਡਾਕਟਰ ਪਾਂਡੇ ਮੁਤਾਬਕ ਉਹ ਹੁਣ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਉਨ੍ਹਾਂ ਨੇ ਇਸ ਇਲਾਜ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ।