
ਜੰਮੂ ਵਿਚ ਵੀਰਵਾਰ ਨੂੰ ਹਾਲਾਤ ਵਿਚ ਸੁਧਾਰ ਮਗਰੋਂ ਪੂਰੇ ਦਿਨ ਲਈ ਕਰਫ਼ਿਊ ਹਟਾ ਦਿਤਾ ਗਿਆ। ਪੁਲਵਾਮਾ ਹਮਲੇ ਤੋਂ ਬਾਅਦ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇਥੇ ਕਰਫ਼ਿਊ ਲਗਾਇਆ ਗਿਆ ਸੀ
ਜੰਮੂ : ਜੰਮੂ ਵਿਚ ਵੀਰਵਾਰ ਨੂੰ ਹਾਲਾਤ ਵਿਚ ਸੁਧਾਰ ਮਗਰੋਂ ਪੂਰੇ ਦਿਨ ਲਈ ਕਰਫ਼ਿਊ ਹਟਾ ਦਿਤਾ ਗਿਆ। ਪੁਲਵਾਮਾ ਹਮਲੇ ਤੋਂ ਬਾਅਦ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇਥੇ ਕਰਫ਼ਿਊ ਲਗਾਇਆ ਗਿਆ ਸੀ। ਵੀਰਵਾਰ ਨੂੰ ਬਾਜ਼ਾਰ ਖੁਲੇ ਅਤੇ ਜਨਤਕ ਗੱਡੀਆਂ ਦੀ ਆਵਾਜਾਈ ਵੀ ਫਿਰ ਤੋਂ ਸ਼ੁਰੂ ਹੋ ਗਈ। ਇਸ ਤੋਂ ਬਿਨਾਂ ਕਰਫ਼ਿਊ ਅਤੇ ਪਾਬੰਧੀਆਂ ਦੇ ਚਲਦਿਆਂ ਹਫ਼ਤੇ ਦੇ ਬੰਦ ਮਗਰੋਂ ਸਕੂਲਾਂ ਨੂੰ ਵੀ ਖੋਲ ਦਿਤਾ ਗਿਆ। ਜੰਮੂ ਦੇ ਜਿਲ੍ਹਾ ਅਧਿਕਾਰੀ ਰਮੇਸ਼ ਕੁਮਾਰ ਨੇ ਦੋ ਹੁਕਮ ਜਾਰੀ ਕੀਤੇ ਜਿਸ ਵਿਚ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਦੌਰਾਨ 11 ਘੰਟਿਆਂ ਦੀ ਢਿੱਲ ਦਿਤੀ ਗਈ।
ਹੁਕਮ ਅਨੁਸਾਰ ਜ਼ਿਲ੍ਹਾ ਅਧਿਕਾਰੀ ਨੇ ਇਸ ਤੋਂ ਪਹਿਲਾਂ ਸਵੇਰੇ 7 ਤੋਂ ਦੁਪਹਿਰ 2 ਵਜੇ ਤਕ ਕਰਫ਼ਿਊ ਵਿਚ ਢਿੱਲ ਦਿਤੀ ਸੀ ਪਰ ਬਾਅਦ ਵਿਚ ਇਸ ਨੂੰ ਸ਼ਾਮ 6 ਵਜੇ ਤਕ ਲਈ ਵਧਾ ਦਿਤਾ ਗਿਆ। ਹਾਲਾਂਕਿ ਅਧਿਕਾਰੀਆਂ ਨੇ ਦਸਿਆ ਕਿ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਪਾਬੰਧੀ ਜਾਰੀ ਰਹੇਗੀ। ਜ਼ਿਲ੍ਹੇ ਵਿਚ 2ਜੀ ਮੋਬਾਈਲ ਇੰਟਰਨੈਟ ਸੇਵਾਵਾਂ ਬਹਾਲ ਕਰ ਦਿਤੀਆਂ ਗਈਆ ਹਨ। ਹਾਲਾਕਿ ਜ਼ਿਲ੍ਹੇ ਦੇ ਸਾਰੇ ਕਾਲਜ ਅਤੇ ਯੂਨੀਵਰਸਟੀਆਂ ਅਜੇ ਵੀ ਬੰਦ ਹਨ। ਜੰਮੂ ਯੂਨੀਵਰਸਟੀ ਦੇ ਅਧਿਕਾਰੀ ਵਿਨੇ ਥੂਸੋ ਨੇ ਕਿਹਾ, ''ਜੰਮੂ ਯੂਨੀਵਰਸਟੀ ਦੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਗਈਆ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿਚ ਪੜ੍ਹਾਈ ਵੀ ਨਹੀਂ ਹੋਏਗੀ। (ਪੀਟੀਆਈ)