
ਬੇਂਗਲੁਰੂ ਤੋਂ ਮੁੰਬਈ ਆਉਣ ਵਾਲੀ ਬਸ ’ਤੇ ਕਰਨਾਟਕ ਦੇ ਚਿੱਤਰਦੁਰਗ ’ਚ ਕੰਨੜ ਹਮਾਇਤੀ ਕਾਰਕੁਨਾਂ ਨੇ ਹਮਲਾ ਕੀਤਾ
ਮੁੰਬਈ/ਬੇਲਗਾਵੀ : ਦੱਖਣ ਭਾਰਤ ਦੇ ਦੋ ਸੂਬਿਆਂ ਵਿਚਕਾਰ ਭਾਸ਼ਾਵਾਂ ਦੀ ਜੰਗ ਛਿੜ ਗਈ ਹੈ। ਮਹਾਰਾਸ਼ਟਰ ਦੀ ਐਮ.ਐੱਸ.ਆਰ.ਟੀ.ਸੀ. ਦੀ ਇਕ ਬਸ ’ਤੇ ਹੋਏ ਹਮਲੇ ਤੋਂ ਬਾਅਦ ਸਨਿਚਰਵਾਰ ਨੂੰ ਸੂਬਾ ਸਰਕਾਰ ਨੇ ਕਰਨਾਟਕ ਜਾਣ ਵਾਲੀਆਂ ਸੂਬਾ ਆਵਾਜਾਈ ਦੀਆਂ ਬਸਾਂ ਨੂੰ ਰੋਕ ਦਿਤੀਆਂ ਹਨ।
ਮਹਾਰਾਸ਼ਟਰ ਦੇ ਆਵਾਜਾਈ ਮੰਤਰੀ ਪ੍ਰਤਾਪ ਸਰਨਾਇਕ ਨੇ ਕਿਹਾ ਕਿ ਮਹਾਰਾਸ਼ਟਰ ਰਾਜ ਸੜਕ ਆਵਾਜਾਈ ਨਿਗਮ (ਐਮ.ਐੱਸ.ਆਰ.ਟੀ.ਸੀ.) ਦੀ ਬੇਂਗਲੁਰੂ ਤੋਂ ਮੁੰਬਈ ਆਉਣ ਵਾਲੀ ਬਸ ’ਤੇ ਸ਼ੁਕਰਵਾਰ ਰਾਤ ਕਰਨਾਟਕ ਦੇ ਚਿੱਤਰਦੁਰਗ ’ਚ ਕੰਨੜ ਹਮਾਇਤੀ ਕਾਰਕੁਨਾਂ ਨੇ ਹਮਲਾ ਕੀਤਾ। ਮੰਤਰੀ ਨੇ ਕਿਹਾ ਕਿ ਕੰਨੜ ਹਮਾਇਤੀ ਕਾਰਕੁਨਾਂ ਨੇ ਡਰਾਈਵਰ ਭਾਸਕਰ ਜਾਧਵ ਦਾ ਮੂੰਹ ਵੀ ਕਾਲਾ ਕਰ ਦਿਤਾ ਅਤੇ ਉਸ ਨਾਲ ਕੁੱਟਮਾਰ ਕੀਤੀ। ਸਰਨਾਇਕ ਨੇ ਕਿਹਾ ਕਿ ਜਦੋਂ ਤਕ ਕਰਨਾਟਕ ਸਰਕਾਰ ਇਸ ਮੁੱਦੇ ’ਤੇ ਅਪਣਾ ਰੁਖ਼ ਸਪੱਸ਼ਟ ਨਹੀਂ ਕਰਦੀ ਉਦੋਂ ਤਕ ਬਸ ਸੇਵਾਵਾਂ ਬਹਾਲ ਨਹੀਂ ਕੀਤੀਆਂ ਜਾਣਗੀਆਂ।
ਦੂਜੇ ਪਾਸੇ ਕਰਨਾਟਕ ਆਵਾਜਾਈ ਨਿਗਮ ਦੀ ਬਸ ਦੇ ਇਕ ਕੰਡਕਟਰ ਨਾਲ ਵ ਇਸੇ ਤਰ੍ਹਾਂ ਦੀ ਘਟਨਾ ਵਾਪਰੀ। ਉਸ ’ਤੇ ਇਕ ਸਵਾਰੀ ਨੂੰ ਕਥਿਤ ਤੌਰ ’ਤੇ ਮਰਾਠੀ ’ਚ ਜਵਾਬ ਨਾ ਦੇਣ ਕਾਰਨ ਹਮਲਾ ਕਰਨ ਦੇ ਦੋਸ਼ ’ਚ ਚਾਰ ਵਿਅਕਤਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦਸਿਆ ਕਿ ਇਹ ਘਟਨਾ ਸ਼ੁਕਰਵਾਰ ਨੂੰ ਮਹਾਰਾਸ਼ਟਰ ਦੀ ਹੱਦ ਨਾਲ ਲੱਗੇ ਜ਼ਿਲ੍ਹਾ ਹੈੱਡਕੁਆਰਟਰ ਬੇਲਗਾਵੀ ਦੇ ਬਾਹਰੀ ਇਲਾਕਿਆਂ ’ਚ ਵਾਪਰੀ। ਪੁਲਿਸ ਨੇ ਕਿਹਾ ਕਿ ਕੰਡਕਟਰ ’ਤੇ ਪੋਕਸੋ ਐਕਟ ਹੇਠ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਰੋਂਦੇ ਹੋਏ 51 ਸਾਲ ਦੇ ਬਸ ਕੰਡਕਟਰ ਮਹਾਦੇਵਅੱਪਾ ਮਲੱਪਾ ਹੁੱਕੇਰੀ ਨੇ ਕਿਹਾ ਕਿ ਸੁਲੇਭਵੀ ਪਿੰਡ ’ਚ ਅਪਣੇ ਮਰਦ ਸਾਥੀ ਨਾਲ ਬਸ ’ਚ ਚੜ੍ਹੀ ਇਕ ਔਰਤ ਮਰਾਠੀ ’ਚ ਗੱਲ ਕਰ ਰਹੀ ਸੀ। ਹੁੱਕੇਰੀ ਨੇ ਕਿਹਾ, ‘‘ਮੈਂ ਔਰਤ ਨੂੰ ਕਿਹਾ ਕਿ ਮੈਂ ਮਰਾਠੀ ਨਹੀਂ ਬੋਲ ਸਕਦਾ ਅਤੇ ਕੰਨੜ ’ਚ ਗੱਲ ਕਰਨ ਲਈ ਕਿਹਾ। ਪਰ ਉਸ ਔਰਤ ਨੇ ਮੈਨੂੰ ਕਿਹਾ ਕਿ ਮੈਨੂੰ ਮਰਾਠੀ ਸਿਖਣੀ ਚਾਹੀਦੀ ਹੈ। ਅਚਾਨਕ ਵੱਡੀ ਗਿਣਤੀ ’ਚ ਲੋਕ ਆ ਗਏ ਅਤੇ ਮੇਰੇ ’ਤ ਹਮਲਾ ਕਰ ਦਿਤਾ।’’ ਪੁਲਿਸ ਨੇ ਕਿਹਾ ਕਿ ਕੰਡਕਟਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਸ ਨੂੰ ਮਾਮੂਲੀ ਸੱਟਾਂ ਲਗੀਆਂ ਹਨ ਅਤੇ ਉਹ ਖ਼ਤਰੇ ਤੋਂ ਬਾਹਰ ਹੈ।
ਪੁਲਿਸ ਨੇ ਕਿਹਾ ਕਿ ਕੰਡਕਟਰ ’ਤੇ ਹਮਲਾ ਕਰਨ ਦੇ ਸਿਲਸਿਲੇ ’ਚ ਇਕ ਮਾਮਲਾ ਦਰਜ ਕਰ ਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 14 ਸਾਲਾਂ ਦੀ ਇਕ ਕੁੜੀ ਵਲੋਂ ਦਰਜ ਕਰਵਾਈ ਜਵਾਬੀ ਸ਼ਿਕਾਇਤ ਦੇ ਆਧਾਰ ’ਤੇ ਕੰਡਕਟਰ ਵਿਰੁਧ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਅਧੀਨ ਇਤਰਾਜ਼ਯੋਗ ਟਿਪਣੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਬੇਲਗਾਵੀ ਦੇ ਪੁਲਿਸ ਕਮਿਸ਼ਨਰ ਇਦਾ ਮਾਰਟਿਨ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਅਤੇ ਵੇਖਣਗੇ ਕਿ ਸਚਾਈ ਕੀ ਹੈ, ਅਤੇ ਉਸ ਅਧੀਨ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਘਟਨਾ ਤੋਂ ਬਾਅਦ ਕੰਨੜ ਹਮਾਇਤੀ ਕਾਰਕੁਨਾਂ ਨੇ ਸਨਿਚਵਾਰ ਨੂੰ ਬੇਲਗਾਵੀ-ਬਾਗਲਕੋਟ ਮਾਰਗ ਨੂੰ ਜਾਮ ਕਰ ਦਿਤਾ ਅਤੇ ਵਿਰੋਧੀ ਪ੍ਰਦਰਸ਼ਨ ਕਰ ਕੇ ਪੁਤਲੇ ਸਾੜੇ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਵੈਨ ’ਚ ਭਰ ਕੇ ਉਥੋਂ ਹਟਾ ਦਿਤਾ।