
Mumbai Court : ਮੁੰਬਈ ਦੀ ਸੈਸ਼ਨ ਕੋਰਟ ਨੇ ਸੁਣਾਇਆ ਇਤਿਹਾਸਕ ਫ਼ੈਸਲਾ
Sending messages like 'You are thin, smart and fair' to a woman at night is obscene: Court News in Punjabi : ਮੁੰਬਈ ਦੀ ਇਕ ਸੈਸ਼ਨ ਕੋਰਟ ਨੇ ਫ਼ੈਸਲਾ ਸੁਣਾਇਆ ਹੈ ਕਿ ਰਾਤ ਨੂੰ ਕਿਸੇ ਅਣਜਾਣ ਮਹਿਲਾ ਨੂੰ ‘ਤੁਸੀਂ ਪਤਲੇ ਹੋ, ਬਹੁਤ ਸਮਾਰਟ ਤੇ ਗੋਰੇ ਨਜ਼ਰ ਆਉਂਦੇ ਹੋ, ਮੈਂ ਤੁਹਾਨੂੰ ਪਸੰਦ ਕਰਦਾ ਹਾਂ’ ਜਿਹੇ ਸੁਨੇਹੇ ਭੇਜਣਾ ਅਸ਼ਲੀਲਤਾ ਦੇ ਬਰਾਬਰ ਹੈ। ਵਧੀਕ ਸੈਸ਼ਨ ਜੱਜ ਡੀਜੀ ਢੋਬਲੇ ਨੇ ਇਕ ਸਾਬਕਾ ਮਹਿਲਾ ਕੌਂਸਲਰ ਨੂੰ ਵਟਸਐਪ ’ਤੇ ਅਸ਼ਲੀਲ ਸੁਨੇਹੇ ਭੇਜਣ ਦੇ ਦੋਸ਼ ਵਿਚ ਇਕ ਵਿਅਕਤੀ ਦੀ ਸਜ਼ਾ ਨੂੰ ਬਰਕਰਾਰ ਰਖਦੇ ਹੋਏ ਇਹ ਟਿੱਪਣੀਆਂ ਕੀਤੀਆਂ ਹਨ।
ਕੋਰਟ ਨੇ 18 ਫ਼ਰਵਰੀ ਨੂੰ ਸੁਣਾਏ ਫ਼ੈਸਲੇ ਵਿਚ ਕਿਹਾ ਕਿ ਅਸ਼ਲੀਲਤਾ ਦਾ ਮੁਲਾਂਕਣ ‘ਸਮਕਾਲੀ ਭਾਈਚਾਰਕ ਮਾਣਕਾਂ ਨੂੰ ਲਾਗੂ ਕਰਨ ਵਾਲੇ ਔਸਤ ਵਿਅਕਤੀ’ ਦੇ ਦ੍ਰਿਸ਼ਟੀਕੋਣ ਤੋਂ ਕੀਤਾ ਜਾਣਾ ਚਾਹੀਦਾ ਹੈ।
ਕੋਰਟ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਰਾਤ 11 ਵਜੇ ਤੋਂ 12:30 ਵਜੇ ਦਰਮਿਆਨ ਤਸਵੀਰਾਂ ਤੇ ਸੁਨੇਹੇ ਭੇਜੇ ਗਏ, ਜਿਸ ਵਿਚ ਲਿਖਿਆ ਸੀ, ‘ਤੁਸੀਂ ਪਤਲੇ ਹੋ’, ‘ਤੁਸੀਂ ਬਹੁਤ ਸਮਾਰਟ ਦਿਖਦੇ ਹੋ’, ‘ਤੁਸੀਂ ਗੋਰੇ ਹੋ’, ‘ਮੇਰੀ ਉਮਰ 40 ਸਾਲ ਹੈ’, ‘ਤੁਸੀਂ ਵਿਆਹੇ ਹੋ ਜਾਂ ਨਹੀਂ?’ ਤੇ ‘ਮੈਂ ਤੁਹਾਨੂੰ ਪਸੰਦ ਕਰਦਾ ਹਾਂ।’ ਕੋਰਟ ਨੇ ਕਿਹਾ ਕਿ ਕੋਈ ਵੀ ਵਿਆਹੁਤਾ ਮਹਿਲਾ ਜਾਂ ਉਸ ਦਾ ਪਤੀ, ‘ਜੋ ਵੱਕਾਰੀ ਤੇ ਸਾਬਕਾ ਕੌਂਸਲਰ ਹੈ’, ਅਜਿਹੇ ਵਟਸਐਪ ਸੁਨੇਹਿਆਂ ਤੇ ਤਸਵੀਰਾਂ ਨੂੰ ਬਰਦਾਸ਼ਤ ਨਹੀਂ ਕਰੇਗਾ, ਖ਼ਾਸ ਕਰ ਕੇ ਉਦੋਂ ਜਦੋਂ ਸੁਨੇਹਾ ਭੇਜਣ ਵਾਲਾ ਤੇ ਸ਼ਿਕਾਇਤਕਰਤਾ ਇਕ ਦੂਜੇ ਨੂੰ ਜਾਣਦੇ ਹੋਣ।
ਇਸ ਵਿਚ ਕਿਹਾ ਗਿਆ, ‘ਦੋਸ਼ੀ ਨੇ ਰਿਕਾਰਡ ਵਿਚ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕੀਤਾ, ਜੋ ਇਹ ਦਰਸਾਉਂਦਾ ਹੋਵੇ ਕਿ ਉਨ੍ਹਾਂ ਦਰਮਿਆਨ ਕੋਈ ਰਿਸ਼ਤਾ ਸੀ।’ ਜੱਜ ਨੇ ਮੰਨਿਆ ਕਿ ਇਹ ਸੁਨੇਹੇ ਤੇ ਇਹ ਕਾਰਵਾਈ ਮਹਿਲਾ ਦੇ ਮਾਣ ਸਨਮਾਨ ਨੂੰ ਸੱਟ ਮਾਰਨ ਦੇ ਬਰਾਬਰ ਹੈ।
ਇਸ ਤੋਂ ਪਹਿਲਾਂ ਪਟੀਸ਼ਨਰ (ਦੋਸ਼ੀ) ਨੂੰ 2022 ਵਿਚ ਇਥੋਂ ਦੀ ਇਕ ਮੈਜਿਸਟਰੇਟੀ ਕੋਰਟ ਨੇ ਵੀ ਦੋਸ਼ੀ ਠਹਿਰਾਇਆ ਸੀ ਤੇ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ ਸੀ। ਇਸ ਮਗਰੋਂ ਉਸ ਨੇ ਸੈਸ਼ਨ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿਤੀ ਸੀ। ਦੋਸ਼ੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਸਿਆਸੀ ਮੁਕਾਬਲੇਬਾਜ਼ੀ ਕਰ ਕੇ ਇਸ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ। ਹਾਲਾਂਕਿ ਕੋਰਟ ਨੇ ਉਸ ਦੇ ਇਸ ਤਰਕ ਨੂੰ ਇਹ ਕਹਿੰਦਿਆਂ ਖਾਰਜ ਕਰ ਦਿਤਾ ਕਿ ਉਸ ਕੋਲ ਇਹ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹਨ।
ਕੋਰਟ ਨੇ ਕਿਹਾ, ‘ਇਸ ਤੋਂ ਇਲਾਵਾ, ਕੋਈ ਵੀ ਔਰਤ ਕਿਸੇ ਵੀ ਦੋਸ਼ੀ ਨੂੰ ਝੂਠੇ ਮਾਮਲੇ ਵਿਚ ਫਸਾ ਕੇ ਅਪਣੀ ਇੱਜ਼ਤ ਦਾਅ ’ਤੇ ਨਹੀਂ ਲਗਾਏਗੀ।’ ਇਸਤਗਾਸਾ ਪੱਖ ਨੇ ਸਾਬਤ ਕਰ ਦਿਤਾ ਹੈ ਕਿ ਦੋਸ਼ੀ ਨੇ ਔਰਤ ਨੂੰ ਵਟਸਐਪ ’ਤੇ ਅਸ਼ਲੀਲ ਸੁਨੇਹੇ ਅਤੇ ਤਸਵੀਰਾਂ ਭੇਜੀਆਂ ਸਨ। ਸੈਸ਼ਨ ਜੱਜ ਨੇ ਕਿਹਾ, ‘ਇਸ ਲਈ ਮੈਜਿਸਟਰੇਟੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਦੋਸ਼ੀ ਠਹਿਰਾ ਕੇ ਅਤੇ ਸਜ਼ਾ ਸੁਣਾ ਕੇ ਸਹੀ ਕੰਮ ਕੀਤਾ।’