
ਪਿਛਲੇ 48 ਘੰਟੇ ਤੋਂ ਜਾਰੀ ਸੀ ਬਚਾਅ ਮੁਹਿੰਮ
ਹਿਸਾਰ : ਹਰਿਆਣਾ ਦੇ ਹਿਸਾਰ ਤੋਂ ਲਗਭਗ 28 ਕਿਲੋਮੀਟਰ ਦੂਰ ਪਿੰਡ ਬਾਲਸਮੰਦ 'ਚ ਡੇਢ ਸਾਲਾ ਬੱਚੇ ਨਦੀਮ ਨੂੰ ਬੋਰਵੈਲ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। 20 ਮਾਰਚ (ਬੁਧਵਾਰ) ਸ਼ਾਮ 7 ਵਜੇ ਬਚਾਅ ਮੁਹਿੰਮ ਸ਼ੁਰੂ ਹੋਈ ਸੀ। ਬੋਲਵੈਲ ਦਾ ਖੱਡ 60 ਫੁੱਟ ਡੂੰਘਾ ਅਤੇ 10 ਇੰਚ ਚੌੜਾ ਸੀ। ਬੱਚੇ ਨੂੰ ਅੱਜ ਸ਼ਾਮ 5.20 ਵਜੇ ਬਾਹਰ ਕੱਢਿਆ ਗਿਆ। ਐਨਡੀਆਰਐਫ, ਫ਼ੌਜ ਅਤੇ ਪ੍ਰਸ਼ਾਸਨ ਨੂੰ ਬੱਚੇ ਨੂੰ ਖੱਡ 'ਚੋਂ ਬਾਹਰ ਕੱਢਣ 'ਚ 48 ਘੰਟੇ ਤੋਂ ਵੱਧ ਸਮਾਂ ਲੱਗਾ। ਬੱਚੇ ਨੂੰ ਮੈਡੀਕਲ ਜਾਂਚ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
Hisar: The 18 month-old-boy who had fallen into a 60-feet deep borewell in Balsamand village yesterday, has been rescued. #Haryana
— ANI (@ANI) 22 March 2019
ਜ਼ਿਕਰਯੋਗ ਹੈ ਕਿ ਐਨਡੀਆਰਐਫ ਟੀਮ ਨੇ ਪਹਿਲਾਂ ਪੈਰਾਸ਼ੂਟ ਨੁਮਾ ਕੈਚਰ ਰਾਹੀਂ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਉਸ ਕੈਚਰ 'ਚ ਬੱਚੇ ਦਾ ਮੋਢਾ ਫੱਸ ਗਿਆ ਸੀ ਪਰ ਜਦੋਂ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਨਿਕਲ ਗਿਆ।
Nadeem
ਬੇਰ ਖਾਣ ਦੇ ਚੱਕਰ 'ਚ ਵਾਪਰਿਆ ਹਾਸਦਾ : ਬੱਚੇ ਦੇ ਪਿਤਾ ਆਜ਼ਮ ਨਦੀਮ ਨੇ ਦੱਸਿਆ ਕਿ ਉਸ ਦੇ 5 ਬੱਚੇ ਹਨ। ਹਾਦਸੇ ਵਾਲੀ ਥਾਂ ਦੇ ਨੇੜੇ ਹੀ ਉਹ ਖੇਤਾਂ 'ਚ ਬਣੇ ਕਮਰੇ 'ਚ ਰਹਿੰਦੇ ਹਨ। ਬੁਧਵਾਰ ਸ਼ਾਮ ਬੱਚੇ ਦੀ ਮਾਂ ਸਮੇਤ ਭਰਾ-ਭੈਣ ਅਤੇ ਡੇਢ ਸਾਲਾ ਨਦੀਮ ਬੇਰ ਖਾਣ ਲਈ ਗਏ ਸਨ। ਇਸ ਦੌਰਾਨ ਜਦੋਂ ਬਾਕੀ ਬੱਚੇ ਅਤੇ ਉਸ ਦੀ ਪਤਨੀ ਦਰੱਖਤ ਤੋਂ ਬੇਰ ਤੋੜ ਰਹੇ ਸਨ ਤਾਂ ਅਚਾਨਕ ਨਦੀਮ ਬੋਰਵੈਲ ਦੇ ਖੱਡ 'ਚ ਡਿੱਗ ਗਿਆ। ਇਸ ਮਗਰੋਂ ਹਾਦਸੇ ਵਾਲੀ ਥਾਂ 'ਤੇ ਲੋਕ ਇਕੱਤਰ ਹੋ ਗਏ।
ਨਦੀਮ ਨੂੰ ਇੰਜ ਕੱਢਿਆ ਬੋਰ 'ਚੋਂ ਬਾਹਰ : ਬੁਧਵਾਰ ਸ਼ਾਮ ਨਦੀਮ ਬੋਰ 'ਚ ਡਿੱਗਾ ਸੀ। ਰਾਤ 8:15 ਵਜੇ ਫ਼ੌਜ ਨੇ ਬਚਾਅ ਆਪ੍ਰੇਸ਼ਨ ਸ਼ੁਰੂ ਕੀਤਾ। ਬੋਰਵੈਲ ਤੋਂ 20 ਫੁਟ ਦੀ ਦੂਰੀ 'ਤੇ ਲਗਭਗ 60 ਫੁ਼ਟ ਡੂੰਘੀ ਖੱਡ ਪੁੱਟੀ ਗਈ। ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਵੀਰਵਾਰ ਸ਼ਾਮ ਤਕ ਬੱਚੇ ਨੂੰ ਬਚਾਅ ਲਿਆ ਜਾਵੇਗਾ ਪਰ ਸੁਰੰਗ ਦੀ ਦਿਸ਼ਾ ਗਲਤ ਹੋ ਜਾਣ ਕਾਰਨ ਬੱਚੇ ਤਕ ਛੇਤੀ ਨਾ ਪਹੁੰਚਿਆ ਜਾ ਸਕਿਆ। ਬੱਚੇ ਦੀ ਹਰਕਤ ਨੂੰ ਵੇਖਣ ਲਈ ਫ਼ੌਜ ਨੇ ਨਾਈਟ ਵਿਜ਼ਨ ਕੈਮਰਾ ਅੰਦਰ ਪਾਇਆ ਸੀ, ਜਿਸ ਨਾਲ ਨਜ਼ਰ ਰੱਖੀ ਜਾ ਰਹੀ ਸੀ। ਬੋਰ ਅੰਦਰੋਂ ਰੁੱਕ-ਰੁੱਕ ਕੇ ਰੋਣ ਦੀ ਆਵਾਜ਼ ਆ ਰਹੀ ਸੀ।