
ਏਅਰ ਇੰਡੀਆ ਦੀ ਬੰਦ ਹੋਈ ਫਲਾਈਟ ਮੁੜ ਕੀਤੀ ਜਾਵੇ ਚਾਲੂ
ਨਵੀਂ ਦਿੱਲੀ : ਅੱਜ ਲੋਕ ਸਭਾ ਵਿਚ ਬੋਲਦਿਆਂ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹਵਾਬਾਜ਼ੀ ਮੰਤਰਾਲੇ ਨੂੰ ਦਿਤੇ ਗਏ ਬਜਟ ਵਿਚ ਵਾਧਾ ਹੋਣਾ ਚਾਹੀਦਾ ਹੈ ਕਿਉਂਕਿ ਬੀਤੇ ਦਿਨੀ ਚੀਨ ਵਿਚ ਵਾਪਰੇ ਹਵਾਈ ਹਾਦਸੇ ਨੇ ਭਾਰਤ ਲਈ ਵੀ ਚਿੰਤਾ ਵਧ ਦਿਤੀ ਹੈ। ਉਨ੍ਹਾਂ ਕਿਹਾ ਕਿ ਹਵਾਈ ਜਹਾਜ਼ਾਂ ਵਿਚ ਸੁਰੱਖਿਆ ਅਤੇ ਸਿਕਿਉਰਿਟੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਕੋਰੋਨਾ ਕਾਲ ਦੌਰਾਨ ਇਸ ਵਿਭਾਗ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ ਕਿਉਂਕਿ ਉਸ ਸਮੇਂ ਦੌਰਾਨ ਉਡਾਣਾਂ ਬੰਦ ਹੋ ਗਈਆਂ ਸਨ।
ਐਮ.ਪੀ. ਬਿੱਟੂ ਨੇ ਦੱਸਿਆ ਕਿ ਮੰਤਰਾਲੇ ਵਲੋਂ 106 ਸਿੱਧੇ ਸੈਰ-ਸਪਾਟਾ ਰੂਟ ਨਿਲਾਮੀ ਲਈ ਭੇਜੇ ਸਨ ਜਿਸ ਵਿਚ ਫਰਵਰੀ 2022 ਤੱਕ ਮਹਿਜ਼ 31 ਰੂਟ ਚਾਲੂ ਹਨ। ਇਸ ਵਿਚ ਵੀ ਇੰਡਸਟਰੀ ਨੇ ਜ਼ਿਆਦਾ ਰੁਝਾਨ ਨਹੀਂ ਦਿਖਾਇਆ ਹੈ। ਇਸ ਲਈ ਸਰਕਾਰ ਵਲੋਂ ਚਲਾਈ ਇਸ ਉਡਾਨ ਸਕੀਮ ਵਿਚ ਵੱਡਾ ਨੁਕਸਾਨ ਹੋਇਆ ਹੈ।
MP Ravneet bittu
ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਟੀਚਾ ਆਮ ਅਤੇ ਗਰੀਬ ਲੋਕਾਂ ਨੂੰ ਲਾਭ ਪਹੁੰਚਾਉਣਾ ਸੀ ਪਰ ਇਸ ਵੀ ਨਾ ਤਾਂ ਪੂਰੀ ਤਰ੍ਹਾਂ ਫੰਡਿੰਗ ਹੋਈ ਹੈ ਅਤੇ ਰੈਗੂਲੇਟਰੀ ਤੋਂ ਮਨਜ਼ੂਰੀ ਲੈਣ ਵਿਚ ਵੀ ਕਾਫੀ ਸਮਾਂ ਲਗਦਾ ਰਿਹਾ ਹੈ। ਇਨ੍ਹਾਂ ਸਾਰੇ ਕਾਰਨਾਂ ਕਰ ਕੇ ਇਹ ਸਕੀਮ ਵਿਚ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਇਸ ਲਈ ਮਹਿਜ਼ 101 ਕਰੋੜ ਰੁਪਏ ਦਿਤੇ ਗਏ ਹਨ ਜੋ ਇਸ ਸਕੀਮ ਨੂੰ ਪੂਰਾ ਕਰਨ ਲਈ ਕਾਫੀ ਨਹੀਂ। ਇਸ ਯੋਜਨਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਬਹੁਤ ਹੀ ਛੋਟੀ ਰਕਮ ਹੈ।
Ravneet Bittu
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਲਵਾਰਾ ਏਅਰਪੋਰਟ ਦਾ ਨਾਮ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ 'ਤੇ ਰੱਖਿਆ ਜਾਵੇ ਕਿਉਂਕਿ ਇਹ ਜਨਤਾ ਦੀ ਦਿਲੀ ਇੱਛਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ 'ਤੇ ਰੱਖਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਵਿਚਾਰ ਕਰ ਰਹੇ ਸਨ ਪਰ ਉਹ ਅਜੇ ਤੱਕ ਉਵੇਂ ਹੀ ਲਟਕ ਰਹੀ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਏਅਰ ਇੰਡੀਆ ਦੀ ਫਲੈਟ ਜੋ ਅੰਮ੍ਰਿਤਸਰ ਤੋਂ ਬ੍ਰਮਿੰਘਮ ਜਾਣ ਵਾਲੀ ਜੋ ਸਭ ਤੋਂ ਵਧੀਆ ਫਲਾਈਟ ਸੀ ਜਿਸ ਨੂੰ ਕੋਰੋਨਾਕਾਲ ਦੌਰਾਨ ਬੰਦ ਕਰ ਦਿਤਾ ਗਿਆ ਸੀ। ਇਸ ਨੂੰ ਮੁੜ ਚਾਲੂ ਕੀਤਾ ਜਾਵੇ।
ਇਸ ਤੋਂ ਅੱਗੇ ਬੋਲਦਿਆਂ ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਪਾਇਲਟਾਂ ਨੂੰ ਦੋਹਰੀ ਡਿਊਟੀ ਕਰਨੀ ਪੈ ਰਹੀ ਹੈ ਜੋ ਕਿਸੇ ਵੀ ਪਾਇਲਟ ਲਈ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੌਂਸਲ ਨੂੰ ਇੱਕ ਵੱਖਰੀ ਕਮੇਟੀ ਬਣਾਉਣੀ ਚਾਹੀਦੀ ਹੈ ਜੋ ਸਾਰੇ ਪਾਇਲਟਾਂ ਦੀਆਂ ਆ ਰਹੀਆਂ ਮੁਸ਼ਕਲਾਂ ਸੁਣ ਅਤੇ ਹੱਲ ਕਰ ਸਕਣ। ਚੀਨ ਵਿਚ ਵਾਪਰੇ ਹਾਦਸੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਮੰਨਦੇ ਹਾਂ ਕਿ ਕੋਰੋਨਾਕਾਲ ਦੌਰਾਨ ਕਾਫੀ ਨੁਕਸਾਨ ਹੋਇਆ ਹੈ ਪਰ ਪਾਇਲਟਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ।
Ravneet bittu
ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਕੋਈ ਪਾਇਲਟ ਆਪਣੀ ਨੌਕਰੀ ਛੱਡਣੀ ਚਾਹਵੇ ਤਾਂ ਉਸ ਨੂੰ ਘੱਟ ਤੋਂ ਘੱਟ ਛੇ ਮਹੀਨੇ ਪਹਿਲਾਂ ਵਿਭਾਗ ਨੂੰ ਦਸਣਾ ਪੈਂਦਾ ਹੈ ਪਰ ਜੇਕਰ ਕੋਈ ਏਅਰ ਲਾਈਨ ਚਾਹਵੇ ਤਾਂ ਉਸ ਨੂੰ ਇੱਕ ਦਿਨ ਵਿਚ ਕੱਢ ਸਕਦੀ ਹੈ ਜੋ ਸਰਾਸਰ ਗ਼ਲਤ ਹੈ। MP ਬਿੱਟੂ ਨੇ ਕਿਹਾ ਕਿ ਜਿਹੜੇ ਟੈਕਨੀਸ਼ੀਅਨ ਹਨ ਉਨ੍ਹਾਂ ਦੀ ਤਨਖਾਹ ਮਹਿਜ਼ 20,000 ਰੁਪਏ ਹੈ ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੂੰ ਧੁੱਪ ਅਤੇ ਗਰਮੀ ਵਿਚ ਲਗਾਤਾਰ ਕੰਮ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇੰਨੀ ਮਿਹਨਤ ਵਾਲਾ ਕੰਮ ਕਰਨ ਵਾਲੇ ਇਹ ਮੁਲਾਜ਼ਮ ਪੜ੍ਹੇ ਲਿਖੇ ਹਨ ਅਤੇ ਉਨ੍ਹਾਂ ਦੀ ਯੋਗਤਾ ਅਤੇ ਕੰਮ ਦੇ ਅਧਾਰ 'ਤੇ ਉਨ੍ਹਾਂ ਦੀ ਤਨਖਾਹ ਵਿਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਟੈਕਨੀਸ਼ੀਅਨ ਲਗਾਤਾਰ ਧਰਨੇ 'ਤੇ ਬੈਠੇ ਹਨ ਜਿਨ੍ਹਾਂ ਦੀਆਂ ਮੰਗਾਂ ਸੁਣਿਆ ਜਾਣ ਅਤੇ ਵਿਭਾਗ ਨੂੰ ਉਨ੍ਹਾਂ ਬਾਰੇ ਸੋਚਣਾ ਚਾਹੀਦਾ ਹੈ।
Ravneet Bittu
ਉਨ੍ਹਾਂ ਕਿਹਾ ਕਿ ਦੇਸ਼ ਵਿਚ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਹੋਰ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਵੱਡੀ ਗਿਣਤੀ ਵਿਚ ਆਉਂਦੇ ਸੈਲਾਨੀਆਂ ਨੂੰ ਦੇਸ਼ ਦੀਆਂ ਸੈਰਗਾਹਾਂ ਬਾਰੇ ਪਤਾ ਲੱਗ ਸਕੇ। ਰਵਨੀਤ ਬਿੱਟੂ ਨੇ ਹਵਾਬਾਜ਼ੀ ਮੰਤਰਾਲੇ ਨੂੰ ਅਪੀਲ ਕੀਤੀ ਕਿ ਏਅਰਪੋਰਟ 'ਤੇ ਖਾਣ-ਪੀਣ ਦਾ ਸਸਤਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਹਰ ਏਅਰਪੋਰਟ 'ਤੇ ਵੱਡੇ ਅਤੇ ਮਹਿੰਗੇ ਖਾਣੇ ਦੇ ਹਾਲ ਹੋਣ ਕਾਰਨ ਹਰ ਕੋਈ ਨਹੀਂ ਖਰੀਦ ਸਕਦਾ ਇਸ ਲਈ ਸੈਲਾਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਬਾਰੇ ਕੁਝ ਸੋਚਿਆ ਜਾਵੇ।