
ਭੱਟਾਚਾਰੀਆ ਨੇ ਭਾਜਪਾ ’ਤੇ ਕੁਮਾਰ ਦੀ ਹਾਲਤ ਬਾਰੇ ਚੁੱਪ ਰਹਿਣ ਦਾ ਵੀ ਦੋਸ਼ ਲਾਇਆ
ਪਟਨਾ : ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਨੇਤਾ ਦੀਪਾਂਕਰ ਭੱਟਾਚਾਰੀਆ ਨੇ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਜਨਤਕ ਬਿਆਨ ਅਤੇ ਵਿਵਹਾਰ ਦਰਸਾਉਂਦੇ ਹਨ ਕਿ ਉਹ ਹੁਣ ਬਿਹਾਰ ਦੇ ਮੁੱਖ ਮੰਤਰੀ ਵਜੋਂ ਅਪਣੇ ਫਰਜ਼ ਨਿਭਾਉਣ ਦੀ ਸਥਿਤੀ ’ਚ ਨਹੀਂ ਹਨ। ਭੱਟਾਚਾਰੀਆ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਕੁਮਾਰ ਦੀ ਹਾਲਤ ਬਾਰੇ ਚੁੱਪ ਰਹਿਣ ਦਾ ਵੀ ਦੋਸ਼ ਲਾਇਆ ਅਤੇ ਇਸ ਦੀ ਤੁਲਨਾ ਓਡੀਸ਼ਾ ’ਚ ਨਵੀਨ ਪਟਨਾਇਕ ਦੀ ‘ਅਨਿਸ਼ਚਿਤ ਸਿਹਤ ਸਥਿਤੀ’ ’ਤੇ ਧਿਆਨ ਕੇਂਦਰਿਤ ਕਰਨ ਨਾਲ ਕੀਤੀ।
ਜ਼ਿਕਰਯੋਗ ਹੈ ਕਿ ਇਕ ਜਨਤਕ ਸਮਾਰੋਹ ਦੌਰਾਨ ਕੁਮਾਰ ਦਾ ਇਕ ਵਾਇਰਲ ਵੀਡੀਉ, ਜਿੱਥੇ ਉਹ ਕੌਮੀ ਗੀਤ ਦੌਰਾਨ ਸਥਿਤੀ ਤੋਂ ਹਨਜਾਣ ਅਤੇ ਗੱਲਾਂ ਕਰਦੇ ਹੋਏ ਵਿਖਾਈ ਦੇ ਰਹੇ ਸਨ, ਨੇ ਇਨ੍ਹਾਂ ਚਿੰਤਾਵਾਂ ਨੂੰ ਹੋਰ ਵਧਾ ਦਿਤਾ। ਭੱਟਾਚਾਰੀਆ ਨੇ ਦੋਸ਼ ਲਾਇਆ ਕਿ ਬਿਹਾਰ ’ਚ ਸ਼ਾਸਨ ਢਹਿ-ਢੇਰੀ ਹੋ ਰਿਹਾ ਹੈ ਅਤੇ ਅਪਰਾਧ, ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ਵਧ ਰਹੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਬਿਹਾਰ ਦੇ ਲੋਕ ਘੱਟੋ-ਘੱਟ ਮੁੱਖ ਮੰਤਰੀ ਦੀ ਸਥਿਤੀ ਬਾਰੇ ਸਪੱਸ਼ਟਤਾ ਦੇ ਹੱਕਦਾਰ ਹਨ।’’ ਉਨ੍ਹਾਂ ਨੇ ਬਿਹਾਰ ਨੂੰ ਵਧਦੀ ਅਨਿਸ਼ਚਿਤਤਾ ਵਲ ਧੱਕਣ ਲਈ ਅਪਾਰਦਰਸ਼ੀ ਨੌਕਰਸ਼ਾਹੀ ਵਿਵਸਥਾ ਬਣਾਈ ਰੱਖਣ ਲਈ ਐਨ.ਡੀ.ਏ. ਦੀ ਆਲੋਚਨਾ ਕੀਤੀ। ਭੱਟਾਚਾਰੀਆ ਨੇ ਸਥਿਤੀ ਨੂੰ ਕੁਮਾਰ ਅਤੇ ਲੋਕਾਂ ਦੋਹਾਂ ਲਈ ‘ਪੂਰੀ ਤਰ੍ਹਾਂ ਅਣਉਚਿਤ’ ਕਰਾਰ ਦਿਤਾ ਅਤੇ ਸੱਤਾਧਾਰੀ ਗਠਜੋੜ ਤੋਂ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਅਪੀਲ ਕੀਤੀ।