
Shivraj Singh Chouhan News: ਕਿਹਾ-ਪੰਜਾਬ ਦੇ ਕਿਸਾਨਾਂ ਨਾਲ 3-3 ਮੰਤਰੀਆਂ ਨੇ ਚਰਚਾ ਕੀਤੀ, ਪਰ ਸਾਡੇ 'ਤੇ ਇਲਜ਼ਾਮ ਗਲਤ ਕਿ ਕਿਸਾਨਾਂ ਨੂੰ ਹਿਰਾਸਤ ਲਈ ਮੀਟਿੰਗ ਕੀਤੀ
Shivraj Singh Chouhan statement on farmers action News: ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਉਣ ਲਈ ਵਿਰੋਧੀ ਧਿਰ 'ਤੇ ਪਲਟਵਾਰ ਕਰਦੇ ਹੋਏ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਹਰਿਆਣਾ ਨਾਲ ਲੱਗਦੀ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਟਾਇਆ ਹੈ।
ਖੇਤੀਬਾੜੀ ਮੰਤਰਾਲੇ ਲਈ ਗ੍ਰਾਂਟਾਂ ਦੀ ਮੰਗ 'ਤੇ ਲੋਕ ਸਭਾ 'ਚ ਚਰਚਾ ਦਾ ਜਵਾਬ ਦਿੰਦਿਆਂ ਚੌਹਾਨ ਨੇ ਕਿਹਾ ਕਿ ਵਿਰੋਧੀ ਧਿਰ ਨੇ ਕਿਸਾਨਾਂ ਵੱਲੋਂ ਉਠਾਏ ਮੁੱਦਿਆਂ ਨੂੰ ਸੁਲਝਾਉਣ 'ਚ ਭਾਜਪਾ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੁਰੀ ਤਰ੍ਹਾਂ ਅਸਫਲ ਰਹੇ।
ਪੰਜਾਬ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਹਟਾਏ ਜਾਣ 'ਤੇ ਬੋਲਦਿਆਂ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ 3-3 ਮੰਤਰੀਆਂ ਨੇ ਚਰਚਾ ਕੀਤੀ। ਕਿਸਾਨਾਂ ਨਾਲ ਸਾਡੀ ਗੱਲਬਾਤ ਹੋਈ, ਅਗਲੀ ਮੀਟਿੰਗ ਦੀ ਤਾਰੀਕ ਵੀ ਤੈਅ ਹੋਈ ਪਰ ਸਾਡੇ 'ਤੇ ਇਲਜ਼ਾਮ ਲਗਾ ਰਹੇ ਕਿ ਮੀਟਿੰਗ ਕਿਸਾਨਾਂ ਨੂੰ ਡਿਟੇਨ ਕਰਵਾਉਣ ਲਈ ਕੀਤੀ ਗਈ। ਕੀ ਆਮ ਆਦਮੀ ਪਾਰਟੀ ਸਾਡੀ ਦੋਸਤ ਹੈ? ਲੋਕ ਸਭਾ ਚੋਣਾਂ ਵਿਚ ਕਾਂਗਰਸ 'ਆਪ' ਨਾਲ ਸੀ। ਦੋਵਾਂ ਨੇ ਇਕੱਠੇ ਮਿਲ ਕੇ ਚੋਣਾਂ ਲੜੀਆਂ।
ਉਨ੍ਹਾਂ ਨੇ ਖੇਤੀ ਸੈਕਟਰ ਲਈ ਕੇਂਦਰ ਸਰਕਾਰ ਦੇ ਵੱਖ-ਵੱਖ ਕਦਮਾਂ ਦਾ ਜ਼ਿਕਰ ਕੀਤਾ, ਜਿਸ ਵਿੱਚ ਕਰਜ਼ੇ ਅਤੇ ਫਸਲੀ ਬੀਮੇ ਤੱਕ ਪਹੁੰਚ ਸ਼ਾਮਲ ਹੈ ਅਤੇ ਕਿਹਾ ਕਿ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।