
ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਦਸਿਆ ਕਿ ਲਾਗ ਦੀ ਬਹੁਤਾਤ ਵਾਲੇ ਰਾਜਾਂ ਵਿਚ ਤਾਲਾਬੰਦੀ ਦੀ ਪਾਲਣਾ ਦੀ ਸਥਿਤੀ ਦਾ ਜਾਇਜ਼ਾ
ਨਵੀਂ ਦਿੱਲੀ, 21 ਅਪ੍ਰੈਲ: ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਦਸਿਆ ਕਿ ਲਾਗ ਦੀ ਬਹੁਤਾਤ ਵਾਲੇ ਰਾਜਾਂ ਵਿਚ ਤਾਲਾਬੰਦੀ ਦੀ ਪਾਲਣਾ ਦੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਮੰਤਰਾਲੇ ਦੁਆਰਾ ਕਾਇਮ ਟੀਮਾਂ ਨੇ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਲ ਤੇ ਪਛਮੀ ਬੰਗਾਲ ਦਾ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਮਾਂ ਨੂੰ ਮਹਾਰਾਸ਼ਟਰ, ਮੱੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਰਾਜ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਮਿਲਿਆ ਹੈ ਪਰ ਪਛਮੀ ਬੰਗਾਲ ਵਿਚ ਕੋਲਕਾਤਾ ਅਤੇ ਜਲਪਾਏਗੁੜੀ ਜ਼ਿਲਿ੍ਹਆਂ ਵਿਚ ਜ਼ਮੀਨੀ ਹਕੀਕਤ ਦਾ ਪਤਾ ਲਾਉਣ ਵਿਚ ਰਾਜ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਨਾ ਮਿਲਣ ਦੀ ਮੰਤਰਾਲੇ ਨੂੰ ਜਾਣਕਾਰੀ ਦਿਤੀ ਗਈ ਹੈ।
File photo
ਸ੍ਰੀਵਾਸਤਵ ਨੇ ਕਿਹਾ ਕਿ ਮੰਤਰਾਲੇ ਨੇ ਪਛਮੀ ਬੰਗਾਲ ਸਰਕਾਰ ਨੂੰ ਪੱਤਰ ਲਿਖ ਕੇ ਸਾਰੇ ਜ਼ਰੂਰੀ ਇੰਤਜ਼ਾਮ ਕਰਨ ਲਈ ਕਿਹਾ ਹੈ ਤਾਕਿ ਕੇਂਦਰੀ ਟੀਮਾਂ ਅਪਣਾ ਕੰਮ ਕਰ ਸਕਣ। ਜ਼ਿਕਰਯੋਗ ਹੈ ਕਿ ਕੁੱਝ ਥਾਵਾਂ ’ਤੇ ਤਾਲਾਬੰਦੀ ਦੀਆਂ ਧੱਜੀਆਂ ਉਡਾਏ ਜਾਣ ਦੀਆਂ ਖ਼ਬਰਾਂ ਮਿਲਣ ਮਗਰੋਂ ਕੇਂਦਰ ਨੇ ਕਲ ਨਜ਼ਰਸਾਨੀ ਟੀਮਾਂ ਦਾ ਗਠਨ ਕੀਤਾ ਸੀ। ਇਹ ਕੇਂਦਰੀ ਟੀਮਾਂ ਇਨ੍ਹਾਂ ਥਾਵਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਹਨ। (ਏਜੰਸੀ)