
ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰੋਨਾ ਪੀੜਤਾਂ ਦੇ ਅੰਕੜੇ ਦਸਦਿਆਂ ਕਿਹਾ ਹੈ ਕਿ ਸੋਮਵਾਰ ਰਾਤ ਤਕ ਦਿੱਲੀ ਵਿਚ ਕਰੋਨਾ ਪੀੜਤਾਂ ਦਾ ਅੰਕੜਾ 2081
ਨਵੀਂ ਦਿੱਲੀ, 21 ਅਪ੍ਰੈਲ (ਅਮਨਦੀਪ ਸਿੰਘ) : ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰੋਨਾ ਪੀੜਤਾਂ ਦੇ ਅੰਕੜੇ ਦਸਦਿਆਂ ਕਿਹਾ ਹੈ ਕਿ ਸੋਮਵਾਰ ਰਾਤ ਤਕ ਦਿੱਲੀ ਵਿਚ ਕਰੋਨਾ ਪੀੜਤਾਂ ਦਾ ਅੰਕੜਾ 2081 ‘ਤੇ ਪੁੱਜ ਚੁਕਾ ਹੈ ਤੇ ਇਨ੍ਹਾਂ ‘ਚੋਂ 431 ਪੀੜਤ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੂੰ ਵੀ ਪਰਤ ਚੁਕੇ ਹਨ ਅਤੇ 47 ਜਣਿਆਂ ਦੀ ਮੌਤ ਹੋ ਚੁਕੀ ਹੈ।
ਉਨ੍ਹਾਂ ਦਸਿਆ ਕਿ 20 ਅਪ੍ਰੈਲ ਨੂੰ 1397 ਖ਼ੂਨ ਦੇ ਨਮੂਣੇ ਲਏ ਗਏ ਸਨ, ਜਿਨ੍ਹਾਂ ‘ਚੋਂ 78 ਜਣਿਆਂ ਨੂੰ ਕਰੋਨਾ ਹੋਣ ਦਾ ਪਤਾ ਲੱਗਾ ਹੈ। ਪੜਚੋਲ ਕਰਨ ‘ਤੇ ਇਹ ਸਾਹਮਣੇ ਆਇਆ ਹੈ ਕਿ ਕਰੋਨਾ ਨਾਲ ਜਿਨ੍ਹਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ 80 ਫ਼ੀ ਸਦੀ ਪੀੜ੍ਹਤਾਂ ਦੀ ਉਮਰ 50 ਸਾਲ ਤੋਂ ਵੱਧ ਹੈ ਤੇ 20 ਫ਼ੀ ਸਦੀ ਦੀ ਉਮਰ 50 ਸਾਲ ਤੋਂ ਘੱਟ ਹੈ। ਇਸ ਤੋਂ ਸਪਸ਼ਟ ਹੈ ਕਿ ਜਵਾਨ ਪੀੜਤਾਂ ਦੀ ਮੌਤ ਫ਼ੀਸਦੀ ਘੱਟ ਹੈ।
File photo
ਜਿਨ੍ਹਾਂ ਦੀ ਮੌਤ ਹੋਈ ਹੈ ਉਨ੍ਹਾਂ ‘ਚੋਂ 83 ਫ਼ੀ ਸਦੀ ਨੂੰ ਪਹਿਲਾਂ ਤੋਂ ਹੀ ਦਿੱਲ ਦਾ ਰੋਗ, ਸ਼ੂਗਰ, ਸਾਹ ਲੈਣ ਵਿਚ ਔਖ ਅਤੇ ਕੈਂਸਰ ਵਰਗੀਆਂ ਨਾਜ਼ੁਕ ਬੀਮਾਰੀਆਂ ਸਨ ਅਤੇ ਕਰੋਨਾ ਪੀੜਤਾਂ ਦੀਆਂ ਪਹਿਲੀਆਂ ਬੀਮਾਰੀਆਂ ਵਿਚ ਹੋਰ ਵਿਗਾੜ ਪੈਦਾ ਕਰ ਦਿੰਦਾ ਹੈ ਜਿਸ ਕਰ ਕੇ, ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ 60 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਸਿਹਤ ਦਾ ਖ਼ਾਸ ਖ਼ਿਆਲ ਰੱਖਣ ਦੀ ਅਪੀਲ ਕੀਤੀ ਹੈ ਅਤੇ ਸ਼ਰੀਰਕ ਦੂਰੀ ਬਨਾਉਣ ਦੀ ਲੋੜ ‘ਤੇ ਵੀ ਜ਼ੋਰ ਦਿਤਾ ਹੈ।
ਲੋੜਵੰਦਾਂ ਤੇ ਗ਼ਰੀਬਾਂ ਦੀ ਰਾਸ਼ਨ ਰਾਹੀਂ ਮਦਦ ਕੀਤੀ। ਮੁਖ ਮੰਤਰੀ ਨੇ ਦਸਿਆ ਹੈ ਕਿ ਕਰੋਨਾ ਕਰ ਕੇ, ਹੋਈ ਤਾਲਾਬੰਦੀ ਨਾਲ ਲੋੜਵੰਦਾਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ, ਪਰ ਅਜਿਹੇ 71 ਲੱਖ ਲੋਕਾਂ ਲੋੜਵੰਦ ਗ਼ਰੀਬਾਂ ਨੂੰ ਸਾਢੇ ਸੱਤ ਕਿਲੋ ਰਾਸ਼ਨ ਹਰੇਕ ਨੂੰ ਵੰਡਿਆ ਜਾ ਚੁਕਾ ਹੈ ਅਤੇ ਬਿਨਾਂ ਰਾਸ਼ਨ ਕਾਰਡ ਵਾਲੇ 30 ਲੱਖ ਹੋਰ ਲੋਕਾਂ ਲਈ ਵੀ ਰਾਸ਼ਨ ਦਾ ਪ੍ਰਬੰਧ ਕੀਤਾ ਜਾ ਚੁਕਾ ਹੈ। ਦਿੱਲੀ ਦੀ ਆਬਾਦੀ 2 ਕਰੋੜ ਹੈ ਅਤੇ ਅਸੀਂ 1 ਕਰੋੜ ਲੋਕਾਂ ਨੂੰ ਰਾਸ਼ਨ ਦੇ ਰਹੇ ਹਾਂ। ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹਨ, ਉਨ੍ਹਾਂ 30 ਲੱਖ ਤੋਂ ਵੱਧ ਲੋਕਾਂ ਨੇ ਆਨਲਾਈਨ ਅਰਜ਼ੀਆਂ ਦਿਤੀਆਂ ਹਨ ਉਨ੍ਹਾਂ ਨੂੰ ਈ ਕੂਪਨ ਰਾਹੀਂ 5 ਕਿਲੋ ਹਰੇਕ ਨੂੰ ਰਾਸ਼ਨ ਦਿਤਾ ਜਾਵੇਗਾ।