
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਪਣੇ ਅਹੁਦੇ ਦੀ ਸਹੁੰ ਚੁੱਕਣ ਦੇ 29 ਦਿਨਾਂ ਮਗਰੋਂ ਮੰਗਲਵਾਰ ਨੂੰ ਪੰਜ ਮੈਂਬਰੀ ਮੰਤਰੀ ਮੰਡਲ ਦਾ ਗਠਨ ਕੀਤਾ ਹੈ
ਭੋਪਾਲ, 21 ਅਪ੍ਰੈਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਪਣੇ ਅਹੁਦੇ ਦੀ ਸਹੁੰ ਚੁੱਕਣ ਦੇ 29 ਦਿਨਾਂ ਮਗਰੋਂ ਮੰਗਲਵਾਰ ਨੂੰ ਪੰਜ ਮੈਂਬਰੀ ਮੰਤਰੀ ਮੰਡਲ ਦਾ ਗਠਨ ਕੀਤਾ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੱਗੀ ਤਾਲਾਬੰਦੀ ਵਿਚਾਲੇ ਰਾਜਪਾਲ ਲਾਲ ਜੀ ਟੰਡਨ ਨੇ ਰਾਜਭਵਨ ਵਿਚ ਸਾਦੇ ਸਮਾਗਮ ਵਿਚ ਇਨ੍ਹਾਂ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ।
ਮੁੁੱਖ ਮੰਤਰੀ ਨੇ ਜਿਨ੍ਹਾਂ ਪੰਜ ਮੈਂਬਰਾਂ ਨੂੰ ਅਪਣੀ ਵਜ਼ਾਰਤ ਵਿਚ ਸ਼ਾਮਲ ਕੀਤਾ ਹੈ, ਉਨ੍ਹਾਂ ਵਿਚ ਤੁਲਸੀ ਸਿਲਾਵਟ, ਗੋਵਿੰਦ ਸਿੰਘ ਰਾਜਪੂਤ, ਨਰੋਤਮ ਮਿਸ਼ਰਾ, ਮੀਨਾ ਸਿੰਘ ਅਤੇ ਕਮਲ ਪਟੇਲ ਸ਼ਾਮਲ ਹਨ। ਇਨ੍ਹਾਂ ਵਿਚੋਂ ਤੁਲਸੀ ਸਿਲਾਵਟ ਅਤੇ ਗੋਵਿੰਦ ਸਿੰਘ ਰਾਜਪੂਤ ਭਾਜਪਾ ਆਗੂ ਜਯੋਤੀਰਾਦਿਤਿਯ ਸਿੰਧੀਆ ਦੇ ਸਮਰਥਕ ਹਨ।
ਇਹ ਦੋਵੇਂ ਕਮਲਨਾਥ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵਿਚ ਮੰਤਰੀ ਸਨ ਅਤੇ ਸਿੰਧੀਆ ਦੇ ਕਾਂਗਰਸ ਛੱਡਣ ਮਗਰੋਂ ਉਨ੍ਹਾਂ 22 ਵਿਧਾਇਕਾਂ ਵਿਚ ਸ਼ਾਮਲ ਸਨ ਜੋ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਸਹੁੰ ਚੁੱਕਣ ਵਾਲੇ ਮੰਤਰੀਆਂ ਵਿਚ ਬ੍ਰਾਹਮਣ, ਰਾਜਪੂਤ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਨਾਲ ਸਬੰਧਤ ਵਿਧਾਇਕ ਸ਼ਾਮਲ ਕੀਤੇ ਗਏ ਹਨ ਅਤੇ ਇਸ ਤਰ੍ਹਾਂ ਚੌਹਾਨ ਨੇ ਜਾਤੀਗਤ ਸਮੀਕਰਨਾਂ ਨੂੰ ਧਿਆਨ ਵਿਚ ਰਖਿਆ ਹੈ।
(ਏਜੰਸੀ)