
ਸੰਸਾਰ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ੋਰਦਾਰ ਕਮੀ ਮਗਰੋਂ ਟਰੱਕ ਆਪਰੇਟਰਾਂ ਦੀ ਜਥੇਬੰਦੀ ਆਲ ਇੰਡੀਆ ਟਰੱਕ ਮੋਟਰ ਟਰਾਂਸਪੋਰਟ ਕਾਂਗਰਸ (ਏਆਈਐਮਟੀਸੀ) ਨੇ
ਨਵੀਂ ਦਿੱਲੀ, 21 ਅਪ੍ਰੈਲ: ਸੰਸਾਰ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ੋਰਦਾਰ ਕਮੀ ਮਗਰੋਂ ਟਰੱਕ ਆਪਰੇਟਰਾਂ ਦੀ ਜਥੇਬੰਦੀ ਆਲ ਇੰਡੀਆ ਟਰੱਕ ਮੋਟਰ ਟਰਾਂਸਪੋਰਟ ਕਾਂਗਰਸ (ਏਆਈਐਮਟੀਸੀ) ਨੇ ਸਰਕਾਰ ਨੂੰ ਤੇਲ ਕੀਮਤਾਂ ਵਿਚ ਕਟੌਤੀ ਕਰਨ ਲਈ ਆਖਿਆ ਹੈ। ਨਾਲ ਹੀ ਟੋਲ ਉਗਰਾਹੀ ਵੀ ਫ਼ਿਲਹਾਲ ਬੰਦ ਕਰਨ ਦੀ ਮੰਗ ਕੀਤੀ ਗਈ ਹੈ।
ਟਰੱਕ ਆਪਰੇਟਰਾਂ ਦਾ ਕਹਿਣਾ ਹੈ ਕਿ ਤਾਲਾਬੰਦੀ ਕਾਰਨ ਉਨ੍ਹਾਂ ਨੂੰ ਗੰਭੀਰ ਆਰਥਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਰਾਜਮਾਰਗਾਂ ’ਤੇ ਟੋਲ ਉਗਰਾਹੀ ਨੂੰ ਤੁਰਤ ਰੋਕਿਆ ਜਾਵੇ। ਜਥੇਬੰਦੀ ਦੇ ਪ੍ਰਧਾਨ ਕੁਲਤਰਨ ਸਿੰਘ ਅਟਵਾਲ ਨੇ ਕਿਹਾ, ‘ਡੀਜ਼ਲ ਅਤੇ ਤੇਲ ਕੀਮਤਾਂ ਵਿਚ ਵਾਧੇ ਨੇ ਸਾਡੀ ਹਾਲਤ ਖ਼ਰਾਬ ਕਰ ਦਿਤੀ ਹੈ ਪਰ ਤੇਲ ਕੀਮਤਾਂ ਘਟਾਈਆਂ ਨਹੀਂ ਜਾ ਰਹੀਆਂ। ਹੋਰ ਤਾਂ ਹੋਰ, ਇਨ੍ਹਾਂ ’ਤੇ ਵੈਟ ਦੀਆਂ ਦਰਾਂ ਵਧਾ ਦਿਤੀਆਂ ਗਈਆਂ ਹਨ।’ ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਟਰਾਂਸਪੋਰਟ ਖੇਤਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ
ਹੈ ਜਿਸ ਨੂੰ ਲੀਹ ’ਤੇ ਲਿਆਉਣ ਲਈ ਰਾਹਤ ਦਿਤੀ ਜਾਵੇ। ਇਸ ਜਥੇਬੰਦੀ ਦੇ ਮੈਂਬਰਾਂ ਵਿਚ 95 ਲੱਖ ਟਰੱਕ ਚਾਲਕ ਅਤੇ ਇਕਾਈਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੰਸਾਰ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆ ਰਹੀ ਹੈ। 17 ਅਪ੍ਰੈਲ 2020 ਨੂੰ ਭਾਰਤ ਦੁਆਰਾ ਖ਼ਰੀਦੇ ਜਾਂਦੇ ਕੱਚੇ ਤੇਲ ਦੀ ਲਾਗਤ 20.56 ਡਾਲਰ ਪ੍ਰਤੀ ਬੈਰਲ ਸੀ। ਇਸ ਸਾਲ ਦੀ ਸ਼ੁਰੂਆਤ ਤੋਂ ਕੱਚੇ ਤੇਲ ਦੀ ਕੀਮਤ ਵਿਚ 60 ਫ਼ੀ ਸਦੀ ਦੀ ਕਮੀ ਆਈ ਹੈ ਜਦਕਿ ਡੀਜ਼ਲ ਦੀ ਕੀਮਤ ਸਿਰਫ਼ 10 ਫ਼ੀ ਸਦੀ ਘਟੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਦਾ ਲਾਭ ਉਪਭੋਗਤਾਵਾਂ ਨੂੰ ਨਹੀਂ ਦਿਤਾ। (ਏਜੰਸੀ)
1986 ਮਗਰੋਂ ਪਹਿਲੀ ਵਾਰ ਕੱਚੇ ਤੇਲ ਦੀ ਕੀਮਤ ਵਿਚ ਸੱਭ ਤੋਂ ਭਾਰੀ ਗਿਰਾਵਟ
ਨਵੀਂ ਦਿੱਲੀ, 21 ਅਪ੍ਰੈਲ : ਸਾਲ 1986 ਤੋਂ ਬਾਅਦ ਪਹਿਲੀ ਵਾਰ ਕੱਚੇ ਤੇਲ ਦੀ ਕੀਮਤ ਸਿਫ਼ਰ ਤੋਂ ਹੇਠਾਂ ਚਲੀ ਗਈ ਹੈ। ਇਹ ਅਮਰੀਕੀ ਬੈਂਚਮਾਰਕ ਕਰੂਡ ਵੇਸਟ ਟੈਕਸਾਸ ਇੰਟਰਮੀਡੀਏਟ (ਡਬਲਿਯੂਟੀਆਈ) ਦੀ ਕੀਮਤ ਵਿਚ ਸੱਭ ਤੋਂ ਵੱਡੀ ਗਿਰਾਵਟ ਹੈ। ਕੋਰੋਨਾ ਵਾਇਰਸ ਸੰਕਟ ਕਾਰਨ ਕੱਚੇ ਤੇਲ ਦੀ ਮੰਗ ’ਚ ਕਮੀ ਆਈ ਹੈ ਅਤੇ ਤੇਲ ਦੀਆਂ ਸਾਰੀਆਂ ਭੰਡਾਰਣ ਸਹੂਲਤਾਂ ਵੀ ਅਪਣੀ ਪੂਰੀ ਸਮਰੱਥਾ ’ਤੇ ਪਹੁੰਚ ਗਈਆਂ ਹਨ। ਸੋਮਵਾਰ ਨੂੰ ਕੱਚੇ ਤੇਲ ਦੀ ਕੀਮਤ 0 ਤੋਂ ਹੇਠਾਂ ਡਿੱਗ ਕੇ 37.63 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈ ਹਾਲਾਂਕਿ ਭਾਰਤ ਦੀ ਨਿਰਭਰਤਾ ਬਰੇਂਟ ਕਰੂਡ ਦੀ ਸਪਲਾਈ ‘ਤੇ ਹੈ, ਨਾ ਕਿ ਡਬਲਿਯੂਟੀਆਈ ‘ਤੇ। ਇਸ ਲਈ ਅਮਰੀਕੀ ਕਰੂਡ ਦੇ ਨੈਗੇਟਿਵ ਹੋਣ ਦਾ ਖ਼ਾਸ ਅਸਰ ਨਹੀਂ ਪਵੇਗਾ। ਬਰੇਂਟ ਦੀਆਂ ਕੀਮਤਾਂ ਅਜੇ ਵੀ 20 ਡਾਲਰ ਤੋਂ ਉੱਪਰ ਹਨ ਅਤੇ ਇਹ ਗਿਰਾਵਟ ਸਿਰਫ਼ ਡਬਲਿਯੂਟੀਆਈ ਦੇ ਮਈ ਐਡੀਸ਼ਨ ‘ਚ ਵਿਖਾਈ ਦਿੱਤੀ।
ਜੂਨ ਐਡੀਸ਼ਨ ਅਜੇ ਵੀ 20 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹੈ। ਅਮਰੀਕੀ ਕੱਚਾ ਤੇਲ ਦੀ ਜੂਨ ਡਿਲੀਵਰੀ ‘ਚ 14.8 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਮੌਜੂਦਾ ਸਮੇਂ ਵਿਚ 21.32 ਡਾਲਰ ਪ੍ਰਤੀ ਬੈਰਲ ਹੈ। ਮਤਲਬ ਅੰਤਰ ਰਾਸ਼ਟਰੀ ਬਾਜ਼ਾਰ ‘ਚ ਡਬਲਿਯੂਟੀਆਈ ਦੀ ਕੀਮਤ ਭਾਵੇਂ ਸਸਤੀ ਹੋ ਜਾਵੇ, ਪਰ ਤੁਹਾਨੂੰ ਪੈਟਰੋਲ ਦੀ ਕੀਮਤ ਵੱਧ ਹੀ ਚੁਕਾਉਣੀ ਪਵੇਗੀ।ਭਾਰਤ ਕੱਚੇ ਤੇਲ ਦਾ ਇਕ ਵੱਡਾ ਦਰਾਮਦ ਕਰਨ ਵਾਲਾ ਦੇਸ਼ ਹੈ। ਭਾਰਤ ਆਪਣੀ ਖਪਤ ਦਾ 85 ਫ਼ੀਸਦੀ ਹਿੱਸਾ ਦਰਾਮਦ ਰਾਹੀਂ ਪੂਰਾ ਕਰਦਾ ਹੈ। ਇਸ ਲਈ ਜਦੋਂ ਵੀ ਕੱਚਾ ਤੇਲ ਸਸਤਾ ਹੁੰਦਾ ਹੈ, ਭਾਰਤ ਇਸ ਤੋਂ ਲਾਭ ਉਠਾਉਂਦਾ ਹੈ। ਸਸਤਾ ਤੇਲ ਹੋਣ ਦੀ ਸਥਿਤੀ ‘ਚ ਦਰਾਮਦ ਘੱਟ ਨਹੀਂ ਹੁੰਦੀ, ਪਰ ਭਾਰਤ ਦਾ ਬੈਲੇਂਸ ਆਫ਼ ਟਰੇਡ ਘੱਟ ਹੁੰਦਾ ਹੈ। (ਏਜੰਸੀ)