ਕੰਪਲੈਕਸ ’ਚ ਮਚਿਆ ਹੜਕੰਪ
ਨਵੀਂ ਦਿੱਲੀ- ਦਿੱਲੀ ਦੇ ਰੋਹਿਣੀ ਕੋਰਟ 'ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਸਵੇਰੇ ਸੁਰੱਖਿਆ ਜਾਂਚ ਦੌਰਾਨ ਅਦਾਲਤ 'ਚ ਤਾਇਨਾਤ ਨਾਗਾਲੈਂਡ ਪੁਲਿਸ ਦੇ ਸੁਰੱਖਿਆ ਕਰਮਚਾਰੀਆਂ ਨਾਲ ਕੁਝ ਵਕੀਲਾਂ ਦਾ ਝਗੜਾ ਹੋਇਆ। ਲੜਾਈ ਦੌਰਾਨ ਨਾਗਾਲੈਂਡ ਪੁਲਿਸ ਦੇ ਸੁਰੱਖਿਆ ਕਰਮੀਆਂ ਨੇ ਗੋਲੀ ਚਲਾ ਦਿੱਤੀ। ਹਾਲਾਂਕਿ ਕਿਸੇ ਨੂੰ ਗੋਲੀ ਨਹੀਂ ਲੱਗੀ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।
ਫਿਲਹਾਲ ਮੌਕੇ 'ਤੇ ਪੁਲਿਸ ਦੀ ਟੀਮ ਪੀ.ਸੀ.ਆਰ. ਕਾਲ ਦੀ ਡਿਟੇਲਸ ਲੱਭਣ 'ਚ ਲੱਗੀ ਹੈ। ਆਖ਼ਰ ਗਾਰਡ ਅਤੇ ਵਕੀਲ ਦਰਮਿਆਨ ਕੀ ਹੋਇਆ ਸੀ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦਿੱਲੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਰੋਹਿਣੀ ਕੋਰਟ 'ਚ ਫ਼ਾਇਰਿੰਗ ਦੀ ਘਟਨਾ ਹੋਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਕੋਰਟ 'ਚ ਤਾਇਨਾਤ ਪੁਲਿਸ ਕਰਮੀਆਂ ਨੇ ਗੋਲੀਬਾਰੀ ਕੀਤੀ ਸੀ, ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਇਸ ਤੋਂ ਪਹਿਲਾਂ ਵੀ ਦਿੱਲੀ ਦੀ ਅਦਾਲਤ ਵਿੱਚ ਗੋਲੀਬਾਰੀ ਦੀ ਘਟਨਾ ਵਾਪਰ ਚੁੱਕੀ ਹੈ। ਨਵੰਬਰ 2019 ਨੂੰ ਤੀਸ ਹਜ਼ਾਰੀ ਕੋਰਟ ਦੇ ਅਹਾਤੇ 'ਚ ਕੈਦੀ ਲਾਕਅਪ ਦੇ ਸਾਹਮਣੇ ਕਾਰ ਪਾਰਕ ਕਰਨ ਦੇ ਮੁੱਦੇ 'ਤੇ ਵਕੀਲਾਂ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਝੜਪ ਹੋਈ ਸੀ। ਝੜਪ ਤੋਂ ਬਾਅਦ ਅਹਾਤੇ ਵਿੱਚ ਹੀ ਇੱਕ ਵਕੀਲ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਤੋਂ ਬਾਅਦ ਭਾਰੀ ਹੰਗਾਮਾ ਹੋਇਆ ਸੀ।