-ਪੰਜਾਬੀ ਭਾਸ਼ਾ ਨੂੰ ਸਿਲੇਬਸ ਵਿਚੋਂ ਹਟਾਏ ਜਾਣ ਬਾਰੇ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਹੈ ਅਫ਼ਵਾਹ
-ਕੋਰੋਨਾ ਕਾਰਨ ਅਪਣਾਈ ਗਈ ਸੀ ਟਰਮ-1 ਅਤੇ ਟਰਮ-2 ਪ੍ਰੀਖਿਆ ਪ੍ਰਣਾਲੀ
-ਤਕਨੀਕੀ ਸਮੱਸਿਆ ਕਾਰਨ ਜਾਰੀ ਨਹੀਂ ਹੋਇਆ ਪੰਜਾਬੀ ਦਾ ਸਿਲੇਬਸ
-ਪੰਜਾਬੀ ਦਾ ਸਿਲੇਬਸ 25 ਜਾਂ 26 ਅਪ੍ਰੈਲ ਨੂੰ ਕੀਤਾ ਜਾਵੇਗਾ ਜਾਰੀ
ਚੰਡੀਗੜ੍ਹ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ ਨਵੇਂ ਸੈਸ਼ਨ ਲਈ ਸਿਲੇਬਸ ਜਾਰੀ ਕਰ ਦਿੱਤਾ ਗਿਆ। ਬੋਰਡ ਨੇ ਇਹ ਸਿਲੇਬਸ ਦੋ ਟਰਮਾਂ ਦੀ ਜਗ੍ਹਾ ਇਕ ਵਾਰ ਦੀ ਪ੍ਰੀਖਿਆ ਅਨੁਸਾਰ ਹੀ ਤਿਆਰ ਕੀਤਾ ਹੈ ਜਿਸ ਨਾਲ ਸਪਸ਼ਟ ਹੋ ਗਿਆ ਹੈ ਕਿ ਅਗਲੇ ਸੈਸ਼ਨ ਯਾਨੀ ਸਾਲ 2023 ਤੋਂ ਟਰਮ-1 ਤੇ ਟਰਮ-2 ਦੀਆਂ ਪ੍ਰੀਖਿਆਵਾਂ ਦੀ ਜਗ੍ਹਾ ਇਕੋ ਵਾਰ ਸਾਲਾਨਾ ਪ੍ਰੀਖਿਆ ਲਈ ਜਾਵੇਗੀ।
ਜਾਣਕਾਰੀ ਅਨੁਸਾਰ ਕਈ ਮੁੱਖ ਵਿਸ਼ਿਆਂ ਦੇ ਕਈ ਪਾਠ ਹਟਾਏ ਗਏ ਹਨ ਤੇ ਇਹ ਸਿਲੇਬਸ ਸਾਲਾਨਾ ਪ੍ਰੀਖਿਆਵਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੀਬੀਐੱਸਈ ਨਿਯਮਾਂ ਅਨੁਸਾਰ ਬੋਰਡ ਵੱਲੋਂ ਹਰ ਵਾਰ ਮਾਰਚ ਮਹੀਨੇ ਦੇ ਤੀਜੇ ਹਫ਼ਤੇ ਤੱਕ ਸਿਲੇਬਸ ਜਾਰੀ ਕਰ ਦਿੱਤਾ ਜਾਂਦਾ ਸੀ ਪਰ ਇਸ ਵਾਰ ਸਿਲੇਬਸ ਦੇਰ ਨਾਲ ਜਾਰੀ ਕੀਤਾ ਗਿਆ ਹੈ। ਇਹ ਸਿਲੇਬਸ ਬੋਰਡ ਨੇ ਆਪਣੀ ਵੈਬਸਾਈਟ ’ਤੇ ਜਾਰੀ ਕੀਤਾ ਹੈ ਪਰ ਇਸ ਵਿਚ ਪੰਜਾਬੀ ਭਾਸ਼ਾ ਸਮੇਤ ਹੋਰ ਕਈ ਖੇਤਰੀ ਭਾਸ਼ਾਵਾਂ ਦਾ ਸਿਲੇਬਸ ਜਾਰੀ ਨਹੀਂ ਕੀਤਾ ਗਿਆ।
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵਲੋਂ ਇਹ ਸਿਲੇਬਸ ਸੀਬੀਐਸਈ ਦੇ ਡਾਇਰੈਕਟਰ ਡਾ. ਜੋਸਫ ਇਮੈਨੁਅਲ ਨੇ ਜਾਰੀ ਕੀਤਾ ਹੈ। ਮੁਹਾਲੀ ਬੋਰਡ ਨੇ ਇਕ ਅਧਿਕਾਰੀ ਨੇ ਦੱਸਿਆ ਕਿ ਬੋਰਡ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਸਾਲ ਵਿਚ ਇਕ ਵਾਰ ਹੀ ਪ੍ਰੀਖਿਆ ਲਈ ਜਾਵੇਗੀ ਤੇ ਕੋਰੋਨਾ ਕਾਰਨ ਅਪਣਾਈ ਟਰਮਾਂ ਦੀ ਪ੍ਰੀਖਿਆ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਿਲੇਬਸ ਵਿਚ ਕਈ ਬਦਲਾਅ ਕੀਤੇ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ 30 ਫੀਸਦੀ ਦੇ ਕਰੀਬ ਸਿਲੇਬਸ ਵਿਚ ਬਦਲਾਅ ਕੀਤਾ ਗਿਆ ਹੈ।
ਪੰਜਾਬੀ ਸਮੇਤ ਹੋਰ ਕਈ ਖੇਤਰੀ ਭਾਸ਼ਾਵਾਂ ਦਾ ਸਿਲੇਬਸ ਜਾਰੀ ਨਾ ਕਰਨ ਬਾਰੇ ਮੁਹਾਲੀ ਸੀਬੀਐਸਈ ਦੇ ਅਧਿਕਾਰੀ ਨੇ ਦੱਸਿਆ ਕਿ ਤਕਨੀਕੀ ਕਾਰਨਾਂ ਕਰ ਕੇ ਕਈ ਖੇਤਰੀ ਭਾਸ਼ਾਵਾਂ ਦਾ ਸਿਲੇਬਸ ਸਾਲ ਵਿਚ ਇਕ ਵਾਰ ਪ੍ਰੀਖਿਆ ਅਨੁਸਾਰ ਤਿਆਰ ਨਹੀਂ ਹੋਇਆ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪੰਜਾਬੀ ਦੇ ਸਿਲੇਬਸ ਨੂੰ ਨਵੇਂ ਸੈਸ਼ਨ ਲਈ ਤਿਆਰ ਕਰਨ ਲਈ ਮਾਹਿਰਾਂ ਨੂੰ ਕਿਹਾ ਗਿਆ ਹੈ ਤੇ ਆਉਂਦੇ ਤਿੰਨ ਚਾਰ ਦਿਨਾਂ ਵਿਚ ਇਨ੍ਹਾਂ ਦਾ ਸਿਲੇਬਸ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਲੇਬਸ ਵਿਚੋਂ ਪੰਜਾਬੀ ਭਾਸ਼ਾ ਨੂੰ ਹਟਾਏ ਜਾਣ ਦੀਆਂ ਜੋ ਖਬਰਾਂ ਸੋਸ਼ਲ ਮੇਡੀ 'ਤੇ ਫੈਲ ਰਹੀਆਂ ਹਨ ਉਹ ਸਿਰਫ਼ ਅਫ਼ਵਾਹਾਂ ਹਨ ਕਿਉਂਕਿ 25 ਜਾਂ 26 ਅਪ੍ਰੈਲ ਤੱਕ ਪੰਜਾਬੀ ਭਾਸ਼ਾ ਦਾ ਸਿਲੇਬਸ ਵੀ ਜਾਰੀ ਕਰ ਦਿਤਾ ਜਾਵੇਗਾ।