ਭਾਜਪਾ ਨੇ ਐਮਸੀਡੀ ਤੋਂ ਜਾਂਦੇ ਸਮੇਂ ਜਿੰਨੇ ਪੈਸੇ ਕਮਾਏ ਜਾ ਸਕਦੇ ਹਨ, ਕਮਾਉਣ ਦਾ ਫ਼ੈਸਲਾ ਕੀਤਾ ਹੈ - ਸਿਸੋਦੀਆ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ MCD ਚੋਣਾਂ ਨੂੰ ਲੈ ਕੇ ਇਕ ਵਾਰ ਫਿਰ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਹੈ।
ਉਨ੍ਹਾਂ ਟਵੀਟ ਕਰਕੇ ਦੋਸ਼ ਲਾਇਆ ਕਿ ਪੂਰੀ ਦਿੱਲੀ ਤੋਂ ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਆ ਰਹੀਆਂ ਹਨ। ਦਿੱਲੀ ਦੇ ਲੋਕ ਖੁੱਲ੍ਹੇਆਮ ਹੋਰ ਰਹੀ ਇਸ ਤਰ੍ਹਾਂ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਨਗੇ। ਕੀ ਇਸੇ ਲਈ MCD ਚੋਣਾਂ ਮੁਲਤਵੀ ਕੀਤੀਆਂ ਗਈਆਂ ਹਨ?
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਲਿਖਿਆ ਸੀ ਕਿ ਭਾਜਪਾ ਨੇ ਐਮਸੀਡੀ ਤੋਂ ਜਾਂਦੇ ਸਮੇਂ ਜਿੰਨੇ ਪੈਸੇ ਕਮਾਏ ਜਾ ਸਕਦੇ ਹਨ, ਕਮਾਉਣ ਦਾ ਫ਼ੈਸਲਾ ਕੀਤਾ ਹੈ, ਇਸ ਲਈ ਹੁਣ ਦੁਕਾਨਦਾਰਾਂ ਅਤੇ ਮਕਾਨ ਮਾਲਕਾਂ ਨੂੰ ਕਈ ਤਰੀਕਿਆਂ ਨਾਲ ਭਾਜਪਾ ਦੇ ਗੁੰਡਿਆਂ ਵਲੋਂ ਧਮਕਾਇਆ ਜਾ ਰਿਹਾ ਹੈ। ਮੈਂ ਆਪਣੇ ਵਿਧਾਇਕਾਂ ਨੂੰ ਪੱਤਰ ਲਿਖ ਕੇ ਭਾਜਪਾ ਦੀ ਇਸ ਗੁੰਡਾਗਰਦੀ ਵਿਰੁੱਧ ਦਿੱਲੀ ਦੇ ਲੋਕਾਂ ਨਾਲ ਖੜ੍ਹਨ ਲਈ ਕਿਹਾ ਹੈ।
ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਸਾਡੇ ਕੋਲ ਅਜਿਹੀਆਂ ਕਈ ਸ਼ਿਕਾਇਤਾਂ ਆਈਆਂ ਹਨ, ਜਿਸ 'ਚ ਭਾਜਪਾ ਵਾਲੇ ਦਿੱਲੀ ਦੇ ਘਰਾਂ ਅਤੇ ਦੁਕਾਨਾਂ 'ਤੇ ਜਾ ਕੇ ਧਮਕੀਆਂ ਦੇ ਰਹੇ ਹਨ ਕਿ ਜੇਕਰ ਤੁਸੀਂ ਇੰਨੇ ਪੈਸੇ ਨਾ ਦਿੱਤੇ ਤਾਂ ਉਹ ਤੁਹਾਡੇ ਘਰ 'ਤੇ ਬੁਲਡੋਜ਼ਰ ਚਲਾ ਦੇਣਗੇ। ਉਨ੍ਹਾਂ ਕਿਹਾ ਕਿ ਪਟਪੜਗੰਜ ਇਲਾਕੇ ਦੇ ਵਸਨੀਕਾਂ ਨੇ ਖੁਦ ਮੈਨੂੰ ਇਹ ਸ਼ਿਕਾਇਤਾਂ ਦਿੱਤੀਆਂ ਹਨ। ਲੋਕ ਬਹੁਤ ਡਰੇ ਹੋਏ ਹਨ।