
2019 ਤੋਂ, ਇਕ ਸਾਲ ’ਚ ਤਿੰਨ ਤੋਂ ਵੱਧ ਸਫ਼ਰ ਕਰਨ ਵਾਲੇ ਲੋਕਾਂ ਦੀ ਗਿਣਤੀ ’ਚ 25 ਫ਼ੀ ਸਦੀ ਦਾ ਵਾਧਾ ਹੋਇਆ ਹੈ।
Report on traveling: ਦੇਸ਼ ’ਚ ਲੋਕ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੈਰ-ਸਪਾਟਾ ਕਰ ਰਹੇ ਹਨ। ਇਸ ਦੇ ਨਾਲ ਹੀ ਅਯੁੱਧਿਆ, ਉਜੈਨ ਅਤੇ ਬਦਰੀਨਾਥ ਵਰਗੇ ਅਧਿਆਤਮਿਕ ਸਥਾਨਾਂ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਜਾਰੀ ਇਕ ਰੀਪੋਰਟ ’ਚ ਇਹ ਗੱਲ ਕਹੀ ਗਈ।
‘ਮੇਕ ਮਾਈ ਟ੍ਰਿਪ ਇੰਡੀਆ ਟ੍ਰੈਵਲ ਟ੍ਰੈਂਡਸ ਰੀਪੋਰਟ’ ’ਚ ਮੰਚ ਦੇ 10 ਕਰੋੜ ਤੋਂ ਜ਼ਿਆਦਾ ਸਰਗਰਮ ਪ੍ਰਯੋਗਕਰਤਾਵਾਂ ਤੋਂ ਮਿਲੀ ਜਾਣਕਾਰੀ ਅਤੇ ਉਨ੍ਹਾਂ ਦੀਆਂ ਹੋਰ ਉਤਸੁਕਤਾਵਾਂ ’ਤੇ ਵਿਚਾਰ ਕਰਨ ਤੋਂ ਬਾਅਦ ਇਹ ਪ੍ਰਗਟਾਵਾ ਹੋਇਆ ਹੈ। ਇਹ ਦਰਸਾਉਂਦਾ ਹੈ ਕਿ 2019 ਤੋਂ, ਇਕ ਸਾਲ ’ਚ ਤਿੰਨ ਤੋਂ ਵੱਧ ਸਫ਼ਰ ਕਰਨ ਵਾਲੇ ਲੋਕਾਂ ਦੀ ਗਿਣਤੀ ’ਚ 25 ਫ਼ੀ ਸਦੀ ਦਾ ਵਾਧਾ ਹੋਇਆ ਹੈ।
ਰੀਪੋਰਟ ਮੁਤਾਬਕ ਇਸ ਦਾ ਮੁੱਖ ਕਾਰਨ ਅਧਿਆਤਮਿਕ ਸੈਰ-ਸਪਾਟੇ ’ਚ ਵਧਦੀ ਦਿਲਚਸਪੀ ਸੀ। ਅਧਿਆਤਮਿਕ ਸੈਰ-ਸਪਾਟਾ ਨਾਲ ਜੁੜੀ ਜਾਣਕਾਰੀ ਮੰਗਣ ਦੀ ਗਤੀਵਿਧੀ ’ਚ 2021 ਦੇ ਮੁਕਾਬਲੇ 2023 ’ਚ 97 ਫ਼ੀ ਸਦੀ ਦਾ ਵਾਧਾ ਵੇਖਿਆ ਗਿਆ। ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਸ਼ਹਿਰਾਂ ’ਚ ਧਾਰਮਕ ਮਹੱਤਤਾ ਵਾਲੇ ਸਥਾਨਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਅਯੁੱਧਿਆ ’ਚ 2022 ਦੇ ਮੁਕਾਬਲੇ 2023 ’ਚ 585 ਫ਼ੀ ਸਦੀ ਦਾ ਭਾਰੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਉਜੈਨ ਅਤੇ ਬਦਰੀਨਾਥ ਬਾਰੇ ਖੋਜਣ ’ਚ ਲੜੀਵਾਰ 359 ਫੀ ਸਦੀ ਅਤੇ 343 ਫੀ ਸਦੀ ਦਾ ਵਾਧਾ ਹੋਇਆ ਹੈ।
ਰੀਪੋਰਟ ’ਚ ਪਾਇਆ ਗਿਆ ਹੈ ਕਿ 2022 ਮੁਕਾਬਲੇ 2023 ’ਚ ਜਿਮ ਕਾਰਬੇਟ ਨੈਸ਼ਨਲ ਪਾਰਕ ਬਾਰੇ 131 ਫੀ ਸਦੀ ਜ਼ਿਆਦਾ ਜਾਣਕਾਰੀ ਇਕੱਠੀ ਕੀਤੀ ਗਈ। ਊਟੀ ਅਤੇ ਮੁੰਨਾਰ ਵਰਗੇ ਪਹਾੜੀ ਸਟੇਸ਼ਨ ਵੀ ਪ੍ਰਸਿੱਧ ਬਦਲ ਹਨ, ਖ਼ਾਸਕਰ ਦੇਸ਼ ਦੇ ਦਖਣੀ ਹਿੱਸੇ ਵਿੱਚ। ਰੀਪੋਰਟ ’ਚ ਕੌਮਾਂਤਰੀ ਯਾਤਰਾਵਾਂ ਬਾਰੇ ਵੀ ਜਾਣਕਾਰੀ ਦਿਤੀ ਗਈ ਹੈ। ਦੁਬਈ, ਬੈਂਕਾਕ ਅਤੇ ਸਿੰਗਾਪੁਰ ਚੋਟੀ ਦੇ ਤਿੰਨ ਸੱਭ ਤੋਂ ਵੱਧ ਸਰਚ ਕੀਤੇ ਗਏ ਸਥਾਨ ਰਹੇ, ਜਦਕਿ ਲੰਬੀ ਦੂਰੀ ਦੀ ਯਾਤਰਾ ਲਈ ਲੋਕਾਂ ਨੇ ਲੰਡਨ, ਟੋਰਾਂਟੋ ਅਤੇ ਨਿਊਯਾਰਕ ਵਿਚ ਸੱਭ ਤੋਂ ਵੱਧ ਦਿਲਚਸਪੀ ਵਿਖਾਈ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਹਾਂਗਕਾਂਗ, ਅਲਮਾਟੀ (ਕਜ਼ਾਕਿਸਤਾਨ), ਪਾਰੋ (ਭੂਟਾਨ), ਬਾਕੂ (ਅਜ਼ਰਬਾਈਜਾਨ), ਦਾ ਨਾਂਗ (ਵੀਅਤਨਾਮ), ਤਬਿਲਿਸੀ (ਜਾਰਜੀਆ) ਵਰਗੇ ਸਥਾਨਾਂ ’ਚ ਦਿਲਚਸਪੀ 2023 ’ਚ ਕਾਫੀ ਵਧੀ ਹੈ। ਆਫਬੀਟ ਸਥਾਨਾਂ ’ਚ ਦਿਲਚਸਪੀ ਵੱਧ ਰਹੀ ਹੈ। ਇਸ ਤੋਂ ਇਲਾਵਾ, ਪਰਵਾਰਕ ਯਾਤਰਾ ਬੁਕਿੰਗ ਤੇਜ਼ੀ ਨਾਲ ਵਧ ਰਹੀ ਹੈ। ਇਹ 2022 ਦੇ ਮੁਕਾਬਲੇ 2023 ’ਚ 64 ਫ਼ੀ ਸਦੀ ਵਧਿਆ ਹੈ। ਸਿੰਗਲ ਯਾਤਰਾ ਬੁਕਿੰਗ ਨੇ ਇਸੇ ਮਿਆਦ ’ਚ 23 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਹੈ।
(For more Punjabi news apart from Indians traveling more frequently, surge in searches for spiritual destinations: Report, stay tuned to Rozana Spokesman)