
ਕਿਹਾ, ਗਲਤ ਜਾਣਕਾਰੀ ਫੈਲਾਉਣਾ ਕਾਨੂੰਨ ਪ੍ਰਤੀ ਬੇਇੱਜ਼ਤੀ ਦਾ ਸੰਕੇਤ ਹੈ
ਨਵੀਂ ਦਿੱਲੀ: ਚੋਣ ਕਮਿਸ਼ਨ ਦੇ ਸੂਤਰਾਂ ਨੇ ਮੰਗਲਵਾਰ ਨੂੰ ਰਾਹੁਲ ਗਾਂਧੀ ਦੇ ਮਹਾਰਾਸ਼ਟਰ ਚੋਣਾਂ ’ਚ ਅਸਧਾਰਨ ਵੋਟਿੰਗ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਫੈਲਾਉਣਾ ਕਾਨੂੰਨ ਦੇ ਅਪਮਾਨ ਦਾ ਸੰਕੇਤ ਹੈ ਅਤੇ ਸਿਆਸੀ ਵਰਕਰਾਂ ਅਤੇ ਪੋਲਿੰਗ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਨੂੰ ਠੇਸ ਪਹੁੰਚਾਉਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਦਾਅਵਿਆਂ ਨਾਲ ਸਿਆਸੀ ਪਾਰਟੀਆਂ ਵਲੋਂ ਨਿਯੁਕਤ ਕੀਤੇ ਗਏ ਹਜ਼ਾਰਾਂ ਨੁਮਾਇੰਦਿਆਂ ਦੀ ਬਦਨਾਮੀ ਹੋਈ ਹੈ ਅਤੇ ਚੋਣਾਂ ਦੌਰਾਨ ਅਣਥੱਕ ਅਤੇ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੇ ਲੱਖਾਂ ਚੋਣ ਅਮਲੇ ਨੂੰ ਨਿਰਾਸ਼ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਕਿ ਵੋਟਰਾਂ ਦੇ ਕਿਸੇ ਵੀ ਮਾੜੇ ਫੈਸਲੇ ਤੋਂ ਬਾਅਦ ਚੋਣ ਕਮਿਸ਼ਨ ਨੂੰ ਇਹ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਨਾ ਪੂਰੀ ਤਰ੍ਹਾਂ ਬੇਤੁਕਾ ਹੈ ਕਿ ਚੋਣ ਕਮਿਸ਼ਨ ਨਾਲ ਸਮਝੌਤਾ ਕੀਤਾ ਗਿਆ ਹੈ।
ਸੋਮਵਾਰ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਦੇ ਬੋਸਟਨ ’ਚ ਦੋਸ਼ ਲਾਇਆ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਬਾਲਗਾਂ ਨਾਲੋਂ ਜ਼ਿਆਦਾ ਲੋਕਾਂ ਨੇ ਵੋਟ ਪਾਈ।
ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਚੋਣ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਕਿ ਮਹਾਰਾਸ਼ਟਰ ਚੋਣਾਂ ’ਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਪੋਲਿੰਗ ਸਟੇਸ਼ਨਾਂ ’ਤੇ ਪਹੁੰਚੇ 6,40,87,588 (6.40 ਕਰੋੜ) ਵੋਟਰਾਂ ਨੇ ਵੋਟ ਪਾਈ। ਉਨ੍ਹਾਂ ਨੇ ਦਸਿਆ ਕਿ ਪ੍ਰਤੀ ਘੰਟਾ ਔਸਤਨ 58 ਲੱਖ ਵੋਟਾਂ ਪਈਆਂ। ਉਨ੍ਹਾਂ ਕਿਹਾ ਕਿ ਔਸਤ ਰੁਝਾਨ ਨੂੰ ਵੇਖਦੇ ਹੋਏ, ਪਿਛਲੇ ਦੋ ਘੰਟਿਆਂ ’ਚ ਲਗਭਗ 1.16 ਕਰੋੜ ਵੋਟਰ ਵੋਟ ਪਾ ਸਕਦੇ ਸਨ। ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਲਈ ਦੋ ਘੰਟਿਆਂ ’ਚ ਵੋਟਰਾਂ ਵਲੋਂ 65 ਲੱਖ ਵੋਟਾਂ ਪਾਉਣਾ ਔਸਤ ਪ੍ਰਤੀ ਘੰਟਾ ਵੋਟਿੰਗ ਰੁਝਾਨ ਤੋਂ ਬਹੁਤ ਘੱਟ ਹੈ।