
ਰੇਲ ਮੰਤਰੀ ਪਿਊਸ਼ ਗੋਇਲ ਨੇ ਦਿਤੀ ਜਾਣਕਾਰੀ
ਨਵੀਂ ਦਿੱਲੀ, 21 ਮਈ : ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਦੇਸ਼ ਭਰ ਦੇ ਲਗਭਗ 1.7 ਲੱਖ ‘ਕਾਮਨ ਸਰਵਿਸ ਸੈਂਟਰਾਂ ਤੋਂ ਰੇਲ ਟਿਕਟਾਂ ਦੀ ਬੁਕਿੰਗ ਸ਼ੁੱਕਰਵਾਰ ਤੋਂ ਮੁੜ ਬਹਾਲ ਕਰ ਦਿਤੀ ਜਾਵੇਗੀ। ‘‘ਕਾਮਨ ਸਰਵਿਸ ਸੈਂਟਰਾਂ ਦਿਹਾਤੀ ਅਤੇ ਦੂਰ ਦੁਰਾਡੇ ਥਾਵਾਂ ’ਤੇ ਸਰਕਾਰ ਦੀਆਂ ਈ-ਸੇਵਾਵਾਂ ਪ੍ਰਦਾਨ ਕਰਨ ਵਾਲੇ ਕੇਂਦਰ ਹਨ। ਇਹ ਕੇਂਦਰ ਉਨ੍ਹਾਂ ਥਾਵਾਂ ’ਤੇ ਸਥਿਤ ਹਨ ਜਿਥੇ ਕੰਪਿਊਟਰਾਂ ਅਤੇ ਇੰਟਰਨੈਟ ਦੀ ਬਹੁਤ ਘੱਟ ਜਾਂ ਕੋਈ ਉਪਲਬਧਤਾ ਨਹੀਂ ਹੈ।
ਮੰਤਰੀ ਨੇ ਇਹ ਵੀ ਕਿਹਾ ਕਿ ਅਗਲੇ ਦੋ ਤਿੰਨ ਦਿਨਾਂ ਵਿਚ ਕੱੁਝ ਸਟੇਸ਼ਨਾਂ ’ਤੇ ਵੀ ਬੁਕਿੰਗ ਸ਼ੁਰੂ ਹੋ ਜਾਵੇਗੀ। ਗੋਇਲ ਨੇ ਅਪਣੀ ਪਾਰਟੀ ਦੇ ਸਹਿਯੋਗੀ ਅਤੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਸਟੇਸ਼ਨਾਂ ਦੀ ਪਛਾਣ ਲਈ ਇਕ ਪ੍ਰੋਟੋਕੋਲ ਬਣਾ ਰਹੇ ਹਾਂ। ਅਸੀਂ ਹੋਰ ਰੇਲ ਗੱਡੀਆਂ ਜਲਦੀ ਚਲਾਉਣ ਦਾ ਐਲਾਨ ਕਰਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਟੇਸ਼ਨਾਂ ’ਤੇ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਵੀ ਦਿਤੀ ਗਈ ਹੈ।
File photo
ਰੇਲਵੇ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਦੀ ਵੀ ਰੇਲਵੇ ਨੂੰ ਵਿਸ਼ੇਸ਼ ਸ਼੍ਰਮਿਕ ਰੇਲ ਗੱਡੀਆਂ ਚਲਾਉਣ ਵਿਚ ਸਹਾਇਤਾ ਕਰਨ ਲਈ ਪ੍ਰਸ਼ੰਸਾ ਕੀਤੀ ਅਤੇ ਸਹਿਯੋਗ ਨਾ ਦੇਣ ਲਈ ਪੱਛਮੀ ਬੰਗਾਲ ਅਤੇ ਝਾਰਖੰਡ ਦੀ ਆਲੋਚਨਾ ਕੀਤੀ। ਗੋਇਲ ਨੇ ਕਿਹਾ ਕਿ 20 ਮਈ ਨੂੰ 279 ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ ਨੇ ਪੰਜ ਲੱਖ ਪਰਵਾਸੀ ਮਜ਼ਦੂਰਾਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਇਆ। ਉਨ੍ਹਾਂ ਕਿਹਾ ਕਿ 1 ਜੂਨ ਤੋਂ ਚੱਲਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਲਈ ਚਾਰ ਲੱਖ ਯਾਤਰੀਆਂ ਨੇ ਢਾਈ ਘੰਟੇ ਅੰਦਰ ਟਿਕਟ ਬੁੱਕ ਕੀਤੀ ਸੀ।
(ਏਜੰਸੀ)