
ਮੱਧ ਪ੍ਰਦੇਸ਼ ਦੀ ਰਾਜਧਾਨੀ ਦੇ ਰੈੱਡ ਜ਼ੋਨ ਵਿਚ ਹੋਏ ਵਿਆਹ ਨੇ ਦੋ ਜ਼ਿਲਿ੍ਹਆਂ ਨੂੰ ਬਿਪਤਾ ਪਾ ਦਿਤੀ ਹੈ। ਵਿਆਹ ਦੇ ਤੀਜੇ ਦਿਨ, ਦੁਲਹਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ।
ਭੋਪਾਲ, 21 ਮਈ : ਮੱਧ ਪ੍ਰਦੇਸ਼ ਦੀ ਰਾਜਧਾਨੀ ਦੇ ਰੈੱਡ ਜ਼ੋਨ ਵਿਚ ਹੋਏ ਵਿਆਹ ਨੇ ਦੋ ਜ਼ਿਲਿ੍ਹਆਂ ਨੂੰ ਬਿਪਤਾ ਪਾ ਦਿਤੀ ਹੈ। ਵਿਆਹ ਦੇ ਤੀਜੇ ਦਿਨ, ਦੁਲਹਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਇਸ ਤੋਂ ਬਾਅਦ ਲਾੜੇ ਸਮੇਤ ਵਿਆਹ ਵਿਚ ਸ਼ਾਮਲ 32 ਲੋਕਾਂ ਨੂੰ ਤੁਰਤ ਘਰ ਵਿਚ ਕੁਆਰੰਟੀਨ ਕੀਤਾ ਗਿਆ। ਰੈੱਡ ਜ਼ੋਨ ਵਾਲੀ ਭੋਪਾਲ ਦੀ ਲੜਕੀ ਵਿਆਹ ਕੇ ਗ੍ਰੀਨ ਜ਼ੋਨ ਰਾਏਸਨ ਦੇ ਮੰਡਦੀਪ ਗਈ ਸੀ। ਇਸ ਲਈ ਰਾਇਸਨ ਵਿਚ ਹੜਕੰਪ ਹੋਇਆ ਹੈ। ਇਕਾਂਤਵਾਸ ਲੋਕਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿੰਨੇ ਹੋਰ ਲੋਕਾਂ ਦੇ ਸੰਪਰਕ ਵਿਚ ਆਏ ਸਨ। ਅਜਿਹੀ ਸਥਿਤੀ ਵਿਚ ਕੋਰੋਨਾ ਚੇਨ ਬਣਨ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ। ਮਾਮਲਾ ਰਾਜਧਾਨੀ ਭੋਪਾਲ ਦੇ ਜਾਟ ਖੇੜੀ ਦਾ ਹੈ। ਇਥੇ ਰਹਿਣ ਵਾਲੀ ਲੜਕੀ ਦਾ ਸੋਮਵਾਰ ਨੂੰ ਵਿਆਹ ਹੋਇਆ ਸੀ।
ਬਰਾਤ ਰਾਜਧਾਨੀ ਦੇ ਨਾਲ ਲਗਦੇ ਰਾਏਸਨ ਜ਼ਿਲੇ੍ਹ ਦੇ ਮੰਡਦੀਪ ਤੋਂ ਆਈ ਸੀ। ਲੜਕੀ ਨੂੰ 7 ਦਿਨ ਪਹਿਲਾਂ ਬੁਖ਼ਾਰ ਹੋਇਆ ਸੀ, ਜੋ ਦਵਾਈ ਲੈਣ ਤੋਂ ਬਾਅਦ ਉਤਰ ਗਿਆ ਸੀ। ਹਾਲਾਂਕਿ ਸਾਵਧਾਨੀ ਲੈਂਦਿਆਂ, ਪਰਵਾਰ ਨੇ ਸਨਿਚਰਵਾਰ ਨੂੰ ਉਸ ਦਾ ਨਮੂਨਾ ਜਾਂਚ ਲਈ ਭੇਜਿਆ ਪਰ ਇਸ ਦੌਰਾਨ ਸੋਮਵਾਰ ਨੂੰ ਮੁਟਿਆਰ ਦੀ ਸ਼ਾਦੀ ਹੋ ਗਈ। ਤੀਜੇ ਦਿਨ ਬੁੱਧਵਾਰ ਨੂੰ ਰਿਪੋਰਟ ਸਾਹਮਣੇ ਆਈ, ਜਿਸ ਵਿਚ ਲਾੜੀ ਕੋਰੋਨਾ ਪਾਜ਼ੇਟਿਵ ਨਿਕਲੀ। ਜਿਵੇਂ ਹੀ ਲਾੜੀ ਦੇ ਕੋਰੋਨਾ ਹੋਣ ਦੀ ਖ਼ਬਰ ਮਿਲੀ, ਘਰ ਅਤੇ ਬਾਹਰ ਦੋਵੇਂ ਪਾਸੇ ਹੜਕੰਪ ਮੱਚ ਗਿਆ। ਲਾੜੀ ਅਤੇ ਲਾੜੇ ਦੇ ਸੰਪਰਕ ਵਿਚ ਆਏ ਸੱਸ ਅਤੇ ਸਹੁਰੇ ਦੋਹਾਂ ਧਿਰਾਂ ਦੇ 32 ਵਿਅਕਤੀਆਂ ਨੂੰ ਤੁਰਤ ਇਕਾਂਤਵਾਸ ਕਰ ਦਿਤਾ ਹੈ। ਵਿਆਹ ਕਰਵਾਉਣ ਵਾਲਾ ਪੰਡਤ ਵੀ ਹੁਣ ਕੁਆਰੰਟੀਨ ਵਿਚ ਹੈ। ਸਾਰਿਆਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਇਕ ਜਾਂ ਦੋ ਦਿਨਾਂ ਵਿਚ ਮਿਲੇਗੀ।
(ਏਜੰਸੀ)