
ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਪਾਰਟੀ ਵਿਚੋਂ ਕੱਢਣ ਦੀ ਮੰਗ ਨੂੰ ਲੈ ਕੇ ਜਾਗੋ ਪਾਰਟੀ ਨੇ ਮਲਿਕਾਰਜੁਨ ਖੜਗੇ ਨੂੰ ਲਿਖਿਆ ਪੱਤਰ
ਨਵੀਂ ਦਿੱਲੀ - ਜਾਗੋ ਪਾਰਟੀ ਦੇ ਸੰਸਥਾਪਕ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਕਾਂਗਰਸੀ ਆਗੂਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਪਾਰਟੀ ਵਿਚੋਂ ਕੱਢਣ ਦੀ ਮੰਗ ਕੀਤੀ ਹੈ। ਇਸ ਪੱਤਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ 1984 ਸਿੱਖ ਕਤਲੇਆਮ ਦੌਰਾਨ ਬੇਕਸੂਰ ਸਿੱਖਾਂ ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਤਹਿਤ ਪਿਛਲੇ 5 ਸਾਲਾਂ ਤੋਂ ਜੇਲ੍ਹ ਵਿਚ ਬੰਦ ਸੱਜਣ ਕੁਮਾਰ ਅਤੇ ਗੁਰਦੁਆਰਾ ਪੁਲ ਬੰਗਸ਼ ਉਤੇ ਹਮਲੇ ਤੇ 3 ਸਿੱਖਾਂ ਦੇ ਕਤਲ ਮਾਮਲੇ ਵਿਚ ਸੀ.ਬੀ.ਆਈ ਵੱਲੋਂ ਚਾਰਜਸ਼ੀਟ 'ਚ ਸ਼ਾਮਲ ਕੀਤੇ ਗਏ ਜਗਦੀਸ਼ ਟਾਈਟਲਰ ਖਿਲਾਫ਼ ਕਾਨੂੰਨੀ ਸ਼ਿਕੰਜੇ ਦਾ ਹਵਾਲਾ ਦਿੱਤਾ ਹੈ।
ਪੱਤਰ ਅਨੁਸਾਰ ਜੀਕੇ ਨੇ ਦੱਸਿਆ ਹੈ ਕਿ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਬੇਕਸੂਰ ਸਿੱਖਾਂ ਦੇ ਕਤਲੇਆਮ, ਜਾਇਦਾਦਾਂ ਦੇ ਨੁਕਸਾਨ ਅਤੇ ਔਰਤਾਂ ਨਾਲ ਹੋਏ ਬਲਾਤਕਾਰਾਂ ਲਈ ਸਿੱਖ ਪੰਥ ਸ਼ੁਰੂ ਤੋਂ ਹੀ ਕੁਝ ਕਾਂਗਰਸੀ ਆਗੂਆਂ ਨੂੰ ਜ਼ਿੰਮੇਵਾਰ ਮੰਨਦਾ ਹੈ। ਜਿਸ ਵਿਚ ਦਿੱਲੀ ਹਿੰਸਾ ਲਈ ਕਾਂਗਰਸੀ ਆਗੂਆਂ ਹਰਿ ਕ੍ਰਿਸ਼ਨ ਲਾਲ ਭਗਤ, ਧਰਮਦਾਸ ਸ਼ਾਸਤਰੀ, ਲਲਿਤ ਮਾਕਨ, ਕਮਲਨਾਥ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦਾ ਨਾਂਅ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ।
ਕਈ ਜਾਂਚ ਕਮੇਟੀਆਂ ਅਤੇ ਕਮਿਸ਼ਨਾਂ ਦੁਆਰਾ ਲੰਮੀ ਜਾਂਚ ਦੇ ਬਾਵਜੂਦ ਸਿੱਖ ਅੱਜ ਵੀ ਇਨਸਾਫ਼ ਲਈ ਲੜ ਰਹੇ ਹਨ। ਹਾਲਾਂਕਿ, ਸੱਜਣ ਕੁਮਾਰ 1984 ਸਿੱਖ ਨਸਲਕੁਸ਼ੀ ਦੌਰਾਨ ਬੇਕਸੂਰ ਸਿੱਖਾਂ ਨੂੰ ਮਾਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਤਹਿਤ ਪਿਛਲੇ 5 ਸਾਲਾਂ ਤੋਂ ਜੇਲ੍ਹ ਵਿਚ ਬੰਦ ਹੈ। ਸੁਪਰੀਮ ਕੋਰਟ ਵੀ ਕਈ ਵਾਰ ਸੱਜਣ ਕੁਮਾਰ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਚੁੱਕੀ ਹੈ।
ਇਸੇ ਤਰ੍ਹਾਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਹਾਲ ਹੀ ਵਿਚ ਗੁਰਦੁਆਰਾ ਪੁਲ ਬੰਗਸ਼ 'ਤੇ ਹਮਲੇ ਅਤੇ 3 ਸਿੱਖਾਂ ਦੇ ਕਤਲ ਦੇ ਮਾਮਲੇ ਵਿਚ ਮੇਰੀ ਗਵਾਹੀ ਤੋਂ ਬਾਅਦ ਸੀਬੀਆਈ ਨੇ ਚਾਰਜਸ਼ੀਟ 'ਚ ਸ਼ਾਮਲ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸ ਆਗੂ ਕਮਲਨਾਥ 'ਤੇ ਵੀ ਗੁਰਦੁਆਰਾ ਰਕਾਬਗੰਜ ਸਾਹਿਬ 'ਤੇ ਹਮਲਾ ਕਰਨ ਲਈ ਭੀੜ ਦੀ ਅਗਵਾਈ ਕਰਨ ਦਾ ਦੋਸ਼ ਹੈ ਪਰ ਵੇਖਣ ਵਿਚ ਆਇਆ ਹੈ ਕਿ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਸਮੇਂ ਗਾਂਧੀ ਪਰਿਵਾਰ 1984 ਦੇ ਸਿੱਖ ਕਤਲੇਆਮ ਦੇ ਇਨ੍ਹਾਂ ਦੋਸ਼ੀਆਂ ਨੂੰ ਹਮੇਸ਼ਾ ਹੀ ਬਚਾਉਂਦਾ ਰਿਹਾ ਹੈ।
ਇਨ੍ਹਾਂ ਆਗੂਆਂ ਨੂੰ ਕਾਂਗਰਸ ਪਾਰਟੀ ਵਿਚ ਵੱਡੇ ਅਹੁਦੇ ਦੇਣ ਦੇ ਨਾਲ-ਨਾਲ ਗਾਂਧੀ ਪਰਿਵਾਰ ਨੇ ਇਨ੍ਹਾਂ ਸਿੱਖਾਂ ਦੇ ਕਾਤਲਾਂ ਨੂੰ ਸੰਸਦ ਮੈਂਬਰ, ਮੰਤਰੀ ਅਤੇ ਮੁੱਖ ਮੰਤਰੀ ਬਣਾਉਣ ਵਿਚ ਵੀ ਕਦੇ ਸ਼ਰਮ ਮਹਿਸੂਸ ਨਹੀਂ ਕੀਤੀ। ਕਿਉਂਕਿ ਤੁਸੀਂ ਹੁਣ ਗੈਰ-ਗਾਂਧੀ ਪਰਿਵਾਰ ਵਿਚੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ, ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅਦਾਲਤਾਂ ਦਾ ਸਤਿਕਾਰ ਕਰਦੇ ਹੋਏ ਸਿੱਖਾਂ ਦੇ ਕਾਤਲਾਂ ਨੂੰ ਕਾਂਗਰਸ ਪਾਰਟੀ ਵਿਚੋਂ ਬਾਹਰ ਕੱਢਣ ਦਾ ਹੁਕਮ ਜਾਰੀ ਕਰੋਗੇ ਕਿਉਂਕਿ ਇੱਕ ਪਾਸੇ ਕਾਂਗਰਸ ਪਾਰਟੀ ਦੇ ਕ੍ਰਾਊਨ ਪ੍ਰਿੰਸ ਰਾਹੁਲ ਗਾਂਧੀ "ਭਾਰਤ ਜੋੜੋ" ਦੀ ਗੱਲ ਕਰਦੇ ਹੋਏ ਲੰਮਾ ਸਫ਼ਰ ਤੈਅ ਕਰਦੇ ਹਨ
ਪਰ ਦੂਜੇ ਪਾਸੇ ਉਹ ਆਪਣੀ ਪਾਰਟੀ ਵਿਚ ਮੌਜੂਦ ਸਿੱਖਾਂ ਦੇ ਕਾਤਲਾਂ ਬਾਰੇ ਚੁੱਪ ਧਾਰੀ ਬੈਠੇ ਹਨ। ਇਹ ਕਾਂਗਰਸ ਦੀ ਦੋਗਲੀ ਅਤੇ ਦੁਚਿੱਤੀ ਵਾਲੀ ਮਾਨਸਿਕਤਾ ਹੈ। ਭਾਈਚਾਰਿਆਂ ਨੂੰ 'ਤੋੜਨ' ਵਾਲੇ ਲੋਕਾਂ ਨੂੰ ਆਪਣੀ ਪਾਰਟੀ ਵਿਚ ਰੱਖ ਕੇ ਭਾਰਤ ਨੂੰ 'ਜੋੜਨ' ਦਾ ਕਾਂਗਰਸ ਪਾਰਟੀ ਢੌਂਗ ਕਰਦੀ ਹੈ। ਇਸ ਲਈ ਇਹ ਸਵਾਲ ਉੱਠਦਾ ਹੈ ਕਿ ‘ਭਾਰਤ ਨੂੰ ਜੋੜਨ’ ਦੀ ਗੱਲ ਕਰਨ ਵਾਲੀ ਕਾਂਗਰਸ ਪਾਰਟੀ ਫਿਰਕਿਆਂ ਨੂੰ ‘ਤੋੜਨ’ ਵਾਲਿਆਂ ਨਾਲ ਕਿਉਂ ਖੜ੍ਹੀ ਹੈ?