
ਕਿਹਾ, ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸੀਂ ਪਹਿਲਾਂ ਮੁਕਾਬਲੇ ਬਿਹਤਰ ਸਥਿਤੀ ’ਚ ਹਾਂ
- ਕਿਹਾ, ‘ਸਮੱਸਿਆ’ ਅਜੇ ਖਤਮ ਨਹੀਂ ਹੋਈ ਹੈ, ਅੱਜ ਲੋਕ ਅਪਣੇ ਮਨ ਦੀ ਗੱਲ ਕਹਿਣ ਤੋਂ ਡਰਦੇ ਹਨ
- ਹਿੰਦੂ ਦੇਵੀ-ਦੇਵਤਿਆਂ ਦੀ ਬਦਲਦੀ ਤਸਵੀਰ ਦਾ ਰਾਜਨੀਤੀ ਨਾਲ ਜ਼ਿਆਦਾ ਅਤੇ ਭਗਤੀ ਨਾਲ ਘੱਟ ਲੈਣਾ-ਦੇਣਾ ਦਸਿਆ
ਨਵੀਂ ਦਿੱਲੀ: ਉੱਘੇ ਲੇਖਕ-ਕਵੀ ਵਿਕਰਮ ਸੇਠ ਨੇ ਸ਼ੁਕਰਵਾਰ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਕ ਮਹੀਨੇ ਪਹਿਲਾਂ ਦੇ ਮੁਕਾਬਲੇ ‘ਅਸੀਂ ਬਿਹਤਰ ਸਥਿਤੀ’ ’ਚ ਹਾਂ। ‘ਹਨੂੰਮਾਨ ਚਾਲੀਸਾ’ ਦੇ ਅਨੁਵਾਦ ਦੀ ਘੁੰਡ ਚੁਕਾਈ ਮੌਕੇ ਸੇਠ ਨੇ ਦਲੀਲ ਦਿਤੀ ਕਿ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ, ਜੋ ‘ਕਾਫ਼ੀ ਹੱਦ ਤਕ ਧਰਮ ਨਿਰਪੱਖ’ ਹਨ, ਚੀਜ਼ਾਂ ਨੂੰ ਉਸੇ ਤਰ੍ਹਾਂ ਕੰਟਰੋਲ ਕਰਨਗੇ ਜਿਵੇਂ ਸਮਤਾ ਪਾਰਟੀ ਅਤੇ ਜਾਰਜ ਫਰਨਾਂਡਿਸ ਨੇ ਤਤਕਾਲੀ ਕੌਮੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ’ਚ ਕੀਤਾ ਸੀ।
ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਸੀਂ ਇਕ ਮਹੀਨੇ ਪਹਿਲਾਂ ਦੀ ਤੁਲਨਾ ’ਚ ਹੁਣ ਬਿਹਤਰ ਸਥਿਤੀ ’ਚ ਹਾਂ ਕਿਉਂਕਿ ਮੈਂ ਕਿਹਾ ਸੀ ਕਿ ਇਹ ਆਉਣ ਵਾਲੀਆਂ ਚੀਜ਼ਾਂ ਦਾ ਟ੍ਰੇਲਰ ਹੈ। ਘੱਟੋ-ਘੱਟ ਹੁਣ ਤਾਨਾਸ਼ਾਹੀ ’ਤੇ ਕੁੱਝ ਹੱਦ ਤਕ ਲਗਾਮ ਲਗਾਈ ਗਈ ਹੈ ਅਤੇ ‘ਐਨ ਅਤੇ ਐਨ’ ਵਲੋਂ ਦੋਹਾਂ ਪਾਸਿਆਂ ’ਤੇ ਸੰਤੁਲਨ ਹੈ। ਨਾਇਡੂ ਅਤੇ ਨਿਤੀਸ਼ ਵੱਡੇ ਪੱਧਰ ’ਤੇ ਧਰਮ ਨਿਰਪੱਖ ਹਨ। ਆਓ ਦੇਖੀਏ ਕਿ ਅੱਗੇ ਕੀ ਹੁੰਦਾ ਹੈ।’’
ਚੋਣਾਂ ’ਚ ਭਾਜਪਾ ਨੇ 240 ਸੀਟਾਂ ਜਿੱਤੀਆਂ, ਜੋ ਬਹੁਮਤ ਦੇ ਅੰਕੜੇ 272 ਤੋਂ ਘੱਟ ਸੀ, ਪਰ ਸਹਿਯੋਗੀਆਂ ਰਾਹੀਂ ਕੁਲ 286 ਸੀਟਾਂ ਨਾਲ ਸਰਕਾਰ ਬਣਾਉਣ ’ਚ ਸਫਲ ਰਹੀ।
ਇਹ 2019 ਅਤੇ 2014 ’ਚ ਜਿੱਤੀਆਂ 303 ਅਤੇ 282 ਸੀਟਾਂ ਨਾਲੋਂ ਕਾਫ਼ੀ ਘੱਟ ਹੈ ਜਦੋਂ ਭਾਜਪਾ ਨੂੰ ਇਕੱਲੇ ਬਹੁਮਤ ਮਿਲਿਆ ਸੀ। ਹਾਲਾਂਕਿ, 72 ਸਾਲਾ ਸੇਠ ਨੇ ਚੇਤਾਵਨੀ ਦਿਤੀ ਕਿ ‘ਸਮੱਸਿਆ’ ਅਜੇ ਖਤਮ ਨਹੀਂ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਲੋਕ ਅਪਣੇ ਮਨ ਦੀ ਗੱਲ ਕਹਿਣ ਤੋਂ ਡਰਦੇ ਹਨ। ਸੇਠ ਨੇ ਲੇਖਕ ਅਰੁੰਧਤੀ ਰਾਏ ਦੀ ਉਦਾਹਰਣ ਵੀ ਦਿਤੀ , ਜਿਸ ’ਤੇ 2010 ’ਚ ਕਥਿਤ ਭੜਕਾਊ ਭਾਸ਼ਣਾਂ ਲਈ ਸਖਤ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਦੇਖੋ ਕਿ ਹੁਣ ਅਰੁੰਧਤੀ ਨਾਲ ਕੀ ਹੋ ਰਿਹਾ ਹੈ। ਇਹ ਮੂਰਖਤਾ ਹੈ।’’ ਉਨ੍ਹਾਂ ਕਿਹਾ, ‘‘ਇਕ ਭਾਰਤੀ ਨੂੰ ਦੂਜੇ ਦੇ ਵਿਰੁਧ ਖੜਾ ਕਰਨਾ ਅਪਣੇ ਦੇਸ਼ ਨੂੰ ਕਮਜ਼ੋਰ ਕਰਨ ਦੀ ਸੱਭ ਤੋਂ ਬੁਰੀ ਗੱਲ ਹੈ।’’
ਹਿੰਦੂ ਦੇਵੀ-ਦੇਵਤਿਆਂ ਖਾਸ ਕਰ ਕੇ ਹਨੂੰਮਾਨ ਦੀ ਬਦਲਦੀ ਤਸਵੀਰ ਬਾਰੇ ਪੁੱਛੇ ਜਾਣ ’ਤੇ ਸੇਠ ਨੇ ਕਿਹਾ ਕਿ ਇਸ ਦਾ ਰਾਜਨੀਤੀ ਨਾਲ ਜ਼ਿਆਦਾ ਅਤੇ ਭਗਤੀ ਨਾਲ ਘੱਟ ਲੈਣਾ-ਦੇਣਾ ਹੈ। ਉਨ੍ਹਾਂ ਕਿਹਾ, ‘‘ਹਨੂੰਮਾਨ ਨੂੰ ਪਹਿਲਾਂ ਭਗਵਾਨ ਰਾਮ ਅਤੇ ਸੀਤਾ ਦੇ ਚਰਨਾਂ ’ਚ ਵਿਖਾਇਆ ਗਿਆ ਸੀ, ਹੁਣ ਉਨ੍ਹਾਂ ਨੂੰ ਕੇਸਰੀ ਅਤੇ ਮੱਥੇ ’ਤੇ ਤਿਉੜੀਆਂ ’ਚ ਇਕ ਵੱਖਰੀ ਤਸਵੀਰ ’ਚ ਵਿਖਾਇਆ ਗਿਆ ਹੈ।’’
ਉਨ੍ਹਾਂ ਕਿਹਾ, ‘‘ਉਹ ਹਨੂੰਮਾਨ ਦੇ ਉਸ ਪਹਿਲੂ ਦੀ ਵਰਤੋਂ ਕਰਦੇ ਹਨ, ਜੋ ਭਗਤੀ ਦਾ ਪਹਿਲੂ ਨਹੀਂ ਹੈ। ‘ਸੂਖਮ ਰੂਪ ਧਰੀ ਸਿੰਯਾਹਿੰ’ ਨਹੀਂ ਬਲਕਿ ‘ਵਿਚਿੱਤਰ ਰੂਪ ਧਰੀ ਲੰਕ ਜਾਰਾਵਾ’ ਵਿਖਾਉਂਦੇ ਹਨ।’’
ਦਰਅਸਲ, ਚੋਣਾਂ ਦੌਰਾਨ, ਉਨ੍ਹਾਂ ਨੇ ‘ਹਨੂੰਮਾਨ ਚਾਲੀਸਾ’ ਅਨੁਵਾਦ ਦੀ ਰਿਲੀਜ਼ ਨੂੰ ਇਸ ਡਰੋਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਕਿ ਇਸ ਨੂੰ ਸਿਆਸੀ ਰੰਗ ਦਿਤਾ ਜਾਵੇਗਾ। ਇਹ ਕਿਤਾਬ ਪਹਿਲਾਂ ਹਨੂੰਮਾਨ ਜਯੰਤੀ ’ਤੇ ਜਾਰੀ ਹੋਣ ਵਾਲੀ ਸੀ। ਤੁਲਸੀਦਾਸ ਵਲੋਂ ਰਚਿਤ ਹਨੂੰਮਾਨ ਚਾਲੀਸਾ ’ਚ 40 ਚੌਪਾਈਆਂ ਹਨ। ਸੇਠ ਦੀ ਕਿਤਾਬ ‘ਸਪੀਕਿੰਗ ਟਾਈਗਰ’ ਨੇ ਪ੍ਰਕਾਸ਼ਤ ਕੀਤੀ ਹੈ।